ਗਾਹਕ ਦੀ ਉਡੀਕ ਕਰਦਾ ਸ਼ਰਾਬ ਤਸਕਰ ਕਾਬੂ, 24 ਬੋਤਲਾਂ ਸ਼ਰਾਬ ਬਰਾਮਦ

ਜਲੰਧਰ ,14 ਮਈ (ਵਿਸ਼ਵ ਵਾਰਤਾ /ਅਸ਼ਵਨੀ ਠਾਕੁਰ) -ਥਾਣਾ ਨੰ ਤਿੱਨ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਸਮੇਤ ਉਸ ਵੇਲੇ ਕਾਬੂ ਕਰ ਲਿਆ ਜਦੋਂ ਸ਼ਰਾਬ ਦੀ ਸਪਲਾਈ ਦੇਣ ਲਈ ਗਾਹਕ ਦੀ ਉਡੀਕ ਕਰ ਰਿਹਾ ਸੀ।
ਇਸ ਸੰਬੰਧੀ ਥਾਣਾ ਮੁਖੀ ਸਬ-ਇੰਸਪੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਸੰਤੋਖ ਸਿੰਘ ਪੁਲਿਸ ਪਾਰਟੀ ਸਮੇਤ ਦਮੋਰੀਆ ਪੁਲ਼ ਵੱਲ ਗਸ਼ਤ ਕਰ ਰਹੇ ਸਨ। ਸੜਕ ਕੰਢੇ ਇਕ ਪਲਾਸਟਿਕ ਦੀ ਬੋਰੀ ਜਿਸ ਵਿਚ ਕੋਈ ਸਾਮਾਨ ਸੀ, ਰੱਖ ਕੇ ਬੈਠਾ ਹੋਇਆ ਇਕ ਨੌਜਵਾਨ ਦਿਖਾਈ ਦਿੱਤਾ। ਸ਼ੱਕ ਪੈਣ ‘ਤੇ ਪੁਲਿਸ ਪਾਰਟੀ ਨੇ ਜਦੋਂ ਉੱਥੇ ਰੁਕ ਕੇ ਉਸ ਨੌਜਵਾਨ ਨੂੰ ਬੋਰੀ ਵਿਚ ਪਏ ਸਾਮਾਨ ਬਾਰੇ ਪੁੱਛਿਆ ਤਾਂ ਉਸ ਵੱਲੋਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ। ਜਦੋਂ ਪੁਲਿਸ ਪਾਰਟੀ ਨੇ ਉਸ ਬੋਰੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਨੌਜਵਾਨ ਦੀ ਪਛਾਣ ਵਿਨੇ ਢੱਲ ਵਾਸੀ ਭਾਈ ਦਿੱਤ ਸਿੰਘ ਨਗਰ ਦੇ ਰੂਪ ‘ਚ ਹੋਈ ਹੈ, ਉੱਪਰ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ।






















