0 ਤੋਂ 18 ਸਾਲ ਦੇ ਬੱਚਿਆਂ ਦੀ ਜ਼ਿਲ੍ਹਾ ਪਟਿਆਲਾ ‘ਚ ਮਦਦ, ਸੁਰੱਖਿਆ ਤੇ ਚੰਗੀ ਦੇਖਭਾਲ ਲਈ ਹੈਲਪਲਾਈਨ ਨੰਬਰਾਂ ਦੀ ਸੂਚੀ ਜਾਰੀ
-ਕੋਰੋਨਾ ਮਹਾਂਮਾਰੀ ਦੌਰਾਨ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿੱਖਿਆ, ਦੇਖਭਾਲ, ਘਰੇਲੂ ਹਿੰਸਾ ਦੌਰਾਨ ਮਾਨਸਿਕ ਪ੍ਰੇਸ਼ਾਨੀਆਂ ਤੋਂ ਸੁਰੱਖਿਅਤ ਕਰਨ ਲਈ ਲੋਕਾਂ ਨੂੰ ਸਹਿਯੋਗ ਦੇਣ ਦਾ ਸੱਦਾ

ਪਟਿਆਲਾ, 13 ਮਈ:ਕੋਰੋਨਾ ਮਹਾਂਮਾਰੀ ਦੌਰਾਨ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿੱਖਿਆ, ਦੇਖਭਾਲ, ਘਰੇਲੂ ਹਿੰਸਾ ਦੌਰਾਨ ਮਾਨਸਿਕ ਪ੍ਰੇਸ਼ਾਨੀਆਂ ਆਦਿ ਅਲਾਮਤਾਂ ਤੋਂ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਲੋਕਾਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੰਦਿਆਂ ਜ਼ਿਲ੍ਹਾਂ ਪ੍ਰਸ਼ਾਸਨ ਨੇ ਪਟਿਆਲਾ ਜ਼ਿਲ੍ਹੇ ‘ਚ ਵੱਸਦੇ 0 ਤੋਂ 18 ਸਾਲ ਦੇ ਸਾਰੇ ਬੱਚਿਆਂ ਦੀ ਮਦਦ ਲਈ ਹੈਲਪਲਾਈਨ ਨੰਬਰਾਂ ਦੀ ਸੂਚੀ ਜਾਰੀ ਕੀਤੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਹਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਅਜਿਹੇ ਬੱਚਿਆਂ ਦੀ ਮਦਦ, ਸੁਰੱਖਿਆ ਤੇ ਚੰਗੀ ਦੇਖਭਾਲ ਲਈ ਵਿਭਾਗ ਦੇ ਨੰਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਲਾਗੂ ਲਾਕਡਾਊਨ ਤੇ ਕਰਫਿਊ ਦੌਰਾਨ ਸੁਰੱਖਿਆ, ਸਿੱਖਿਆ, ਦੇਖਭਾਲ, ਘਰੇਲੂ ਹਿੰਸਾ ਦੌਰਾਨ ਮਾਨਸਿਕ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀਮਤੀ ਸੰਧੂ ਨੇ ਦੱਸਿਆ ਕਿ ਚਾਈਲਡ ਲਾਈਨ, ਪਟਿਆਲਾ 1098, ਬਾਲ ਭਲਾਈ ਕਮੇਟੀ, ਪਟਿਆਲਾ 98550-22850, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ 95308-78952, ਬਾਲ ਸੁਰੱਖਿਆ ਅਫ਼ਸਰ ਸੰਸਥਾਗਤ, ਪਟਿਆਲਾ (ਆਈ.ਈ.) 70874-09494, ਬਾਲ ਸੁਰੱਖਿਆ ਅਫ਼ਸਰ (ਐਨ.ਆਈ.ਸੀ.) ਪਟਿਆਲਾ 99141-44269, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ, ਪਟਿਆਲਾ 99148-49337 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹਨਾਂ ਨੰਬਰਾਂ ਉਪਰ ਸ਼ਿਕਾਇਤ ਕਰਤਾ ਦੀ ਸ਼ਨਾਖਤ ਗੁਪਤ ਰੱਖੀ ਜਾਵੇਗੀ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਕੋਈ ਵੀ ਜਰੂਰਤਮੰਦ ਬੱਚਾ ਖ਼ੁਦ ਜਾਂ ਕੋਈ ਆਮ ਨਾਗਰਕਿ ਬੱਚੇ ਦੀ ਮਦਦ ਕਰਨ ਲਈ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋ ਇਲਾਵਾ ਜੇਕਰ ਕਿਸੇ ਬੱਚੇ ਦਾ ਕਿਸੇ ਵੀ ਪ੍ਰਕਾਰ ਦਾ ਸ਼ੋਸ਼ਣ ਹੋ ਰਿਹਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਵੀ ਇਹਨਾਂ ਨੰਬਰਾਂ ਉਪਰ ਕੀਤੀ ਜਾ ਸਕਦੀ ਹੈ, ਸ਼ਿਕਾਇਤ ਕਰਤਾ ਦੀ ਸ਼ਨਾਖਤ ਗੁਪਤ ਰੱਖੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸਾਸ਼ਨ ਨਾਲ ਮਿਲ ਕੇ ਮਾਹਾਮਾਰੀ ਦੌਰਾਨ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਕਤ ਨੰਬਰਾਂ ‘ਤੇ ਸੂਚਨਾ ਦੇ ਕੇ ਲੋਕ ਆਪਣਾ ਫਰਜ਼ ਨਿਭਾਕੇ ਬੱਚਿਆਂ ਨੂੰ ਸੁਰੱਖਿਆ ਦਿਵਾਉਣ ‘ਚ ਆਪਣਾ ਸਹਿਯੋਗ ਦੇਣ।






















