ਪ੍ਰਧਾਨ ਮੰਤਰੀ ਮੋਦੀ ਨੂੰ ਵਿਰੋਧੀ ਪਾਰਟੀਆਂ ਨੇ ਲਿਖੀ ਚਿੱਠੀ
ਖੇਤੀ ਕਾਨੂੰਨ ਰੱਦ ਕਰਨ ਅਤੇ ਸੈਂਟਰਲ ਵਿਸਟਾ ਦਾ ਨਿਰਮਾਣ ਰੋਕ ਕੇ ਮੁਫਤ ਟੀਕਾਕਰਨ ਦਾ ਦਿੱਤਾ ਸੁਝਾਅ
ਚੰਡੀਗੜ੍ਹ,13 ਮਈ (ਵਿਸ਼ਵ ਵਾਰਤਾ):ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨੇ ਕਹਿਰ ਮਚਾਇਆ ਹੋਇਆ ਹੈ। ਕੇਂਦਰ ਸਰਕਾਰ ਤੋਂ ਲੈ ਕੇ ਰਾਜ ਸਰਕਾਰਾਂ ਤੱਕ ਇਸ ਸੰਕਟ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।
ਇਸ ਦੇ ਸੰਬੰਧ ਵਿੱਚ ਹੀ 12 ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਕੋਰੋਨਾ ਨਾਲ ਨਜਿੱਠਣ, ਸੈਂਟਰਲ ਵਿਸਟਾ ਪ੍ਰਾਜੈਕਟ ਦੇ ਨਿਰਮਾਣ ਨੂੰ ਰੋਕਣ ਲਈ ਅਤੇ ਮੁਫਤ ਟੀਕਾਕਰਨ ਦੀ ਮੰਗ ਸਮੇਤ ਕਈ ਸੁਝਾਅ ਹਨ। ਇਸਦੇ ਨਾਲ ਹੀ ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਟੀਕੇ ਦੀ ਘਾਟ ਸੰਬੰਧੀ ਕਦਮ ਚੁੱਕਣ ਲਈ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਵੀ ਕਿਹਾ ਗਿਆ ਹੈ। ਚਿੱਠੀ ਵਿੱਚ ਸੋਨੀਆ ਗਾਂਧੀ (ਕਾਂਗਰਸ), ਐਚਡੀ ਦੇਵੀ ਗੌੜਾ (ਜੇਡੀ-ਐਸ), ਸ਼ਰਦ ਪਵਾਰ (ਐਨਸੀਪੀ), ਊਧਵ ਠਾਕਰੇ (ਸ਼ਿਵ ਸੈਨਾ), ਮਮਤਾ ਬੈਨਰਜੀ (ਟੀਐਮਸੀ), ਐਮ ਕੇ ਸਟਾਲਿਨ (ਡੀਐਮਕੇ), ਹੇਮੰਤ ਸੋਰੇਨ (ਜੇ ਐਮ ਐਮ), ਅਖਿਲੇਸ਼ ਯਾਦਵ (ਸਪਾ), ਫਾਰੂਕ ਅਬਦੁੱਲਾ (ਜੇਕੇਪੀਏ),ਤੇਜਸਵੀ ਯਾਦਵ(ਆਰਜੇਡੀ), ਡੀ ਰਾਜਾ (ਸੀ ਪੀ ਆਈ) ਅਤੇ ਸੀਤਾਰਾਮ ਯੇਚੁਰੀ (ਸੀਪੀਆਈ-ਐਮ) ਨੇ ਦਸਤਖਤ ਕੀਤੇ ਹਨ।























