ਚੌਧਰੀ ਅਜੀਤ ਸਿੰਘ ਦੀ ਭਾਰਤੀ ਸਿਆਸਤ ‘ਚ ਦੇਣ ਨੂੰ ਘੱਟ ਨਹੀਂ ਗਿਣਿਆ ਜਾ ਸਕਦਾ ਡਾ. ਇਕਬਾਲ ਸਿੰਘ

ਜਲੰਧਰ, 7 ਮਈ (ਵਿਸ਼ਵ ਵਾਰਤਾ)—‘ਚੌਧਰੀ ਅਜੀਤ ਸਿੰਘ ਭਾਵੇਂ ਰਾਸ਼ਟਰੀ ਲੋਕ ਦਲ ਦਾ ਆਗੂ ਸੀ, ਪਰ ਉਹ ਬੜੀ ਸ਼ਾਨਦਾਰ ਸਖਸ਼ੀਅਤ ਸੀ। ਮੈਨੂੰ ਯਾਦ ਹੈ ਜਦੋਂ ਮੇਰਠ ਨੇੜੇ ਇਕ ਜਿਲ੍ਹੇ ਵਿਚ ਕੁਝ ਧਾਕੜ ਲੋਕਾਂ ਦੇ ਕਾਰਨ ਅਸੰਬਲੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਸਨ, ਤਾਂ ਉਹ ਇਹ ਜਿਹੀ ਸਿਆਸਤ ਤੋਂ ਬਹੁਤ ਨਿਰਾਸ਼ ਸੀ, ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮਹਾ ਰਾਓ ਨੇ ਮੇਰੇ ਨਾਲ ਉਸ ਦੀ ਡਿਊਟੀ ਵੀ ਇਸ ਔਖੇ ਕੰਮ ਨੂੰ ਸਿਰੇ ਚਾੜਨ ਲਈ ਲਗਾ ਦਿੱਤੀ ਸੀ। ਓਦੋਂ ਜਿਸ ਸ਼ਿੱਦਤ ਤੇ ਮਿਹਨਤ ਨਾਲ ਜ਼ਿਲ੍ਹੇ ਵਿਚਲੀਆਂ ਅਸੰਬਲੀ ਚੋਣਾਂ ਕਰਾਉਣ ਵਿਚ ਉਸ ਨੇ ਮੈਨੂੰ ਸਹਿਯੋਗ ਦਿੱਤਾ ਤੋਂ ਸਰਗਰਮੀ ਦਿਖਾਈ, ਇਹ ਉਸ ਦੀ ਲੁੱਕੀ ਹੋਈ ਕਲਾ ਸੀ।
ਉਕਤ ਵਿਚਾਰ ਡਾ. ਇਕਬਾਲ ਸਿੰਘ ਸਾਬਕਾ ਉਪ ਰਾਜਪਾਲ ਪੁਡੂਚੇਰੀ ਅਤੇ ਸਾਬਕਾ ਸੰਸਦ ਮੈਂਬਰ ਨੇ ਬੀਤੇ ਦਿਨ ਸਵਰਗਵਾਸ ਹੋ ਗਏ ਹਰਿਆਣੇ ਦੇ ਜਾਟ ਨੇਤਾ ਚੌਧਰੀ ਅਜੀਤ ਸਿੰਘ ਬਾਰੇ ਆਪਣੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਕਹੇ। ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਹੋਣ ਅਤੇ ਰਾਜ ਸਭਾ ਦੇ ਮੈਂਬਰ ਹੋਣ ਦੇ ਬਾਵਜੂਦ ਹਰੇਕ ਨਾਲ ਬੜੀ ਇੱਜ਼ਤ ਨਾਲ ਪੇਸ਼ ਆਉਂਦੇ ਸਨ। ਚੌਧਰੀ ਅਜੀਤ ਸਿੰਘ ਬੜੀ ਫੈਸਲਾਕੁੰਨ ਸਖਸ਼ੀਅਤ ਸੀ, ਜਿਸ ਨੇ ਅਮਰੀਕਾ ਤੋਂ ਕੰਪਿਊਟਰ ਇੰਜੀਨੀਅਰਿੰਗ ਕਰਕੇ ਭਾਰਤ ਵਿਚ ਕੰਪਿਊਟਰ ਖੇਤਰ ਨੂੰ ਅੱਗੇ ਵਧਾਉਣ ਲਈ ਵੱਡਾ ਯੋਗਦਾਨ ਪਾਇਆ। ਉਹ ਉਨ੍ਹਾਂ ਸੰਸਦ ਮੈਂਬਰਾਂ ਵਿੱਚੋਂ ਸਨ, ਜੋ ਭਾਰਤੀ ਲੋਕਤੰਤਰ ਨੂੰ ਦੁਨੀਆਂ ਦੇ ਚੋਟੀ ਦੇ ਲੋਕਤੰਤਰ ਦੇ ਹਾਣਦਾ ਦੇਖਣ ਲਈ ਯਤਨਸ਼ੀਲ ਰਹਿੰਦੇ ਸਨ। ਡਾ.ਇਕਬਾਲ ਸਿੰਘ ਨੇ ਚੌਧਰੀ ਅਜੀਤ ਸਿੰਘ ਦੀਆਂ ਹੋਰ ਵੀ ਪ੍ਰਾਪਤੀਆਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਦੀ ਭਾਰਤੀ ਸਿਆਸਤ ਵਿਚਲੀ ਦੇਣ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ।
ਅਲਵਿਦਾ ਦੋਸਤ।






















