ਕੇ.ਐਮ.ਵੀ. ਦੁਆਰਾ ਡੀ.ਬੀ.ਟੀ. ਸਟਾਰ ਕਾਲਜ ਸਕੀਮ ਦੇ ਅੰਤਰਗਤ ਸੌਲਿਡ ਵੇਸਟ ਮੈਨੇਜਮੈਂਟ ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਨਲਾਈਨ ਆਯੋਜਨ
ਦੇਸ਼ ਭਰ ਦੇ ਵਿੱਚੋਂ 600 ਤੋਂ ਵੀ ਵੱਧ ਪ੍ਰਤੀਭਾਗੀਆਂ ਨੇ ਲਿਆ ਭਾਗ

ਜਲੰਧਰ 6 ਮਈ (ਵਿਸ਼ਵ ਵਾਰਤਾ/ਅਸ਼ਵਨੀ ਠਾਕੁਰ) -ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦਿ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੈਮਿਸਟਰੀ ਦੁਆਰਾ ਡੀ.ਬੀ.ਟੀ. ਸਟਾਰ ਕਾਲਜ ਸਕੀਮ ਦੇ ਅੰਤਰਗਤ ਸੌਲਿਡ ਵੇਸਟ ਮੈਨੇਜਮੈਂਟ ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਨਲਾਈਨ ਆਯੋਜਨ ਕਰਵਾਇਆ ਗਿਆ। ਪ੍ਰੋ. ਵਿਨੋਦ ਕੁਮਾਰ ਗਰਗ, ਡੀਨ, ਸਕੂਲ ਆਫ਼ ਇਨਵਾਇਰਨਮੈਂਟ ਐਂਡ ਅਰਥ ਸਾਇੰਸਿਜ਼, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਬਤੌਰ ਸਰੋਤ ਬੁਲਾਰਾ ਇਸ ਵਰਕਸ਼ਾਪ ਦੇ ਵਿੱਚ ਸ਼ਿਰਕਤ ਕੀਤੀ। ਸੌਲਿਡ ਵੇਸਟ ਮੈਨੇਜਮੈਂਟ ਦੀਆਂ ਨੀਤੀਆਂ ਅਤੇ ਤਕਨੀਕਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਆਯੋਜਿਤ ਸਮੁੱਚੇ ਦੇਸ਼ ਭਰ ਦੇ ਵਿਭਿੰਨ ਰਾਜਾਂ ਤੋਂ 600 ਤੋਂ ਵੀ ਵੱਧ ਪ੍ਰਤੀਭਾਗੀਆਂ ਦੀ ਸ਼ਮੂਲੀਅਤ ਵਾਲੀ ਇਸ ਵਰਕਸ਼ਾਪ ਦੇ ਵਿਚ ਸੰਬੋਧਿਤ ਹੁੰਦੇ ਹੋਏ ਡਾ. ਵਿਨੋਦ ਕੁਮਾਰ ਨੇ ਵੇਸਟ ਦੀਆਂ ਵਿਭਿੰਨ ਕਿਸਮਾਂ ਬਾਰੇ ਦੱਸਦੇ ਹੋਏ ਇਸਦੇ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਜਿਵੇਂ:- ਵਰਮੀਕੰਪੋਸਟਿੰਗ, ਬਾਇਓਮੀਥੀਨੇਸ਼ਨ, ਲੈਂਡ ਫਿਲਿੰਗ, ਹੌਗਫੀਡਿੰਗ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਬਾਇਓਡੀਗ੍ਰੇਡੇਬਲ ਅਤੇ ਨਾਨ-ਬਾਇਓਡੀਗ੍ਰੇਡੇਬਲ ਵੇਸਟ ਨੂੰ ਅਲੱਗ ਕਰਨ ਦੇ ਢੰਗ ਬਾਰੇ ਦੱਸਦੇ ਹੋਏ ਵਾਧੂ ਪਈਆਂ ਵਸਤਾਂ ਜਾਂ ਰਹਿੰਦ ਖੂੰਹਦ ਨੂੰ ਮੁੜ ਵਰਤੋਂ ਵਿੱਚ ਲਿਆ ਕੇ ਨਵ-ਨਿਰਮਾਣ ਦੇ ਖਰਚੇ ‘ਚ ਹੋਰ ਹੀ ਬੱਚਤ ਬਾਰੇ ਦੱਸਿਆ ਅਤੇ ਨਾਲ ਹੀ ਮੌਜੂਦਾ ਕੋਰੋਨਾ ਮਹਾਂਮਾਰੀ ਵਿੱਚ ਬਚਾਅ ਲਈ ਵਰਤੇ ਜਾਂਦੇ ਮਾਸਕ, ਗਲੱਵਜ਼, ਪੀ. ਪੀ. ਈ. ਕਿੱਟਾਂ ਅਤੇ ਸੈਨੇਟਾਈਜ਼ਰਾਂ ਤੋਂ ਪੈ ਰਹੇ ਵਾਤਾਵਰਣ ਉੱਤੇ ਪ੍ਰਭਾਵ ਵੱਲ ਵੀ ਸਭ ਦਾ ਧਿਆਨ ਦਿਵਾਇਆ। ਮੈਡੀਕਲ ਵੇਸਟ ਪ੍ਰਬੰਧਨ ਬਾਰੇ ਚਰਚਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਪ੍ਰਤੀਭਾਗੀਆਂ ਵੱਲੋਂ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਜਵਾਬ ਵੀ ਤਸੱਲੀਬਖ਼ਸ਼ ਢੰਗ ਨਾਲ ਦਿੱਤੇ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅਜਿਹੇ ਆਯੋਜਨ ਨਾ ਕੇਵਲ ਵਿਦਿਆਰਥੀਆਂ ਨੂੰ ਵਿਸ਼ੇ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਦੇ ਹਨ ਬਲਕਿ ਉਨ੍ਹਾਂ ਦੇ ਸੋਚ ਅਤੇ ਸਮਝ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਨ ਵਿਚ ਵੀ ਸਹਾਇਕ ਸਾਬਿਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਾ ਮਾਹਿਰ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਸਮੂਹ ਕੈਮਿਸਟਰੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।






















