ਖੇਤੀਬਾੜੀ ਵਿਭਾਗ ਵਲੋਂ ‘ਮਿੱਟੀ ਪਰਖ ਮੁਹਿੰਮ’ ਦੀ ਸ਼ੁਰੂਆਤ
ਹਰੇਕ ਬਲਾਕ ਦੇ 10-10 ਪਿੰਡਾਂ ਵਿਚੋਂ ਲਏ ਜਾਣਗੇ ਮਿੱਟੀ ਦੇ ਨਮੂਨੇ

ਸੁਲਤਾਨਪੁਰ ਲੋਧੀ, 6 ਮਈ-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ‘ਮਿੱਟੀ ਪਰਖ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਹਰੇਕ ਬਲਾਕ ਦੇ 10-10 ਪਿੰਡਾਂ ਵਿਚੋਂ ਮਿੱਟੀ ਦੇ ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਜਾਣਗੇ ਤਾਂ ਜੋ ਲੋੜ ਅਨੁਸਾਰ ਕਦਮ ਚੁੱਕਕੇ ਜ਼ਮੀਨ ਦੀ ਸਿਹਤ ਵਿਚ ਸੁਧਾਰ ਕੀਤਾ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ.ਸ਼ੁਸ਼ੀਲ ਕੁਮਾਰ , ਸੁਲਤਾਨਪੁਰ ਲੋਧੀ ਦੇ ਬਲਾਕ ਖੇਤੀਬਾੜੀ ਅਫਸਰ ਡਾ.ਜਸਬੀਰ ਸਿੰਘ ਖਿੰਡਾ , ਖੇਤੀਬਾਡੀ ਵਿਸਥਾਰ ਅਫਸਰ ਸ੍ਰੀ ਪਰਮਿੰਦਰ ਸਿੰਘ ਤੇ ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਧੰਜੂ ਦੀ ਅਗਵਾਈ ਹੇਠ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਡਾ ਸ਼ੁਸ਼ੀਲ ਕੁਮਾਰ ਨੇ ਮਿੱਟੀ ਦੀ ਪਰਖ ਲਈ ਚੁਣੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਬਾੜੀ ਵਿਭਾਗ ਨੂੰ ਖੇਤਾਂ ਵਿੱਚੋਂ ਮਿੱਟੀ ਦੇ ਸੈਂਪਲ ਲੈਣ ਲਈ ਸਹਿਯੋਗ ਕਰਨ। ਖੇਤੀਬਾੜੀ ਵਿਸਥਾਰ ਅਫਸਰ ਸ੍ਰੀ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਬਲਾਕ ਵਿਚ ਮਿੱਟੀ ਦੇ ਸੈਂਪਲ ਲੈਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੇ ਖੇਤਾਂ ਵਿਚੋਂ ਸੈਂਪਲ ਲੈ ਕੇ ਮਿੱਟੀ ਦੀ ਪਰਖ ਲਈ ਲੈਬਾਰਟਰੀ ਵਿਚ ਭੇਜਣਗੇ।
ਡਾ.ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਖਾਦਾਂ ਦੀ ਵਧੇਰੇ ਵਰਤੋਂ ਨਾਲ ਖੇਤਾਂ ਵਿਚ ਕੀੜੇ -ਮਕੌੜੇ ਅਤੇ ਬਿਮਾਰੀਆਂ ਵਧੇਰੇ ਪੈਦਾ ਹੁੰਦੀਆਂ ਹਨ, ਜਿਸ ਲਈ ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਮਨਜਿੰਦਰ ਸਿੰਘ ਅਸਿਸਟੈਂਟ ਤਕਨਾਲਜੀ ਮੈਨੇਜਰ , ਹਰਜੋਧ ਸਿੰਘ ਏ.ਟੀ ਐਮ ਨੇ ਦੱਸਿਆ ਕਿ ਮਿਟੀ ਪਰਖ ਦੇ ਸੈਂਪਲ ਲੈਣ ਵਾਲੀ ਟੀਮ ਸਬੰਧਤ ਪਿੰਡਾਂ ਵਿਚ ਇੱਕ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਅਨਾਊਸਮੈਂਟ ਕਰੇਗੀ ਤਾਂ ਜੋ ਕਿਸਾਨ ਖੇਤੀਬਾੜੀ ਵਿਭਾਗ ਦੀ ਟੀਮਾ ਨੂੰ ਮਿੱਟੀ ਦੇ ਸੈਂਪਲ ਲੈਣ ਵਿਚ ਸਹਿਯੋਗ ਕਰ ਸਕਣ।
ਇਸ ਮੌਕੇ ਵੱਖ ਵੱਖ ਕਿਸਾਨ ਬਲਕਾਰ ਸਿੰਘ, ਸੁੱਚਾ ਸਿੰਘ, ਮਹਿੰਦਰ ਸਿੰਘ,ਗੁਰਦਿਆਲ ਸਿੰਘ,ਹਰਿੰਦਰ ਸਿੰਘ ਆਦਿ ਮੌਜੂਦ ਸਨ।






















