ਨਵੀਂ ਪਾਰਟੀ ਦੇ ਗਠਨ ਲਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸ: ਸੁਖਦੇਵ ਸਿੰਘ ਢੀਂਡਸਾ ਦੀ ਹੋਈ ਮੀਟਿੰਗ
ਦੋਵੇਂ ਆਗੂਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ
ਪੱਛਮੀ ਬੰਗਾਲ ਦੀ ਤੀਜੀ ਵਾਰ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਨੂੰ ਦਿੱਤੀ ਵਧਾਈ

ਚੰਡੀਗੜ੍ਹ, 5 ਮਈ 2021: ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੀਤੇ ਦਿਨੀ ਹੋਏ ਆਪਸੀ ਰਲੇਵੇਂ ਤੋਂ ਬਾਅਦ ਅੱਜ ਇਥੇ ਨਵੀਂ ਪਾਰਟੀ ਬਣਾਉਣ ਸਬੰਧੀ ਉਪਰੋਕਤ ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਬੈਠਕ ਹੋਈ। ਜਿਸ ਵਿੱਚ ਨਵੀਂ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਅਤੇ ਪਾਰਟੀ ਦੇ ਨਾਮ ਬਾਰੇ ਆਪਣੇ-ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ। ਮੀਟਿੰਗ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣ ਅਤੇ ਇਸ ਸਬੰਧੀ ਕਮੇਟੀਆਂ ਬਣਾਉਣ ਦੇ ਅਧਿਕਾਰ ਵੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਂਡਸਾ ਨੂੰ ਦਿੱਤੇ ਗਏ। ਪਾਰਟੀ ਦੇ ਆਗੂਆਂ ਨੇ ਸਰਪ੍ਰਸਤ ਅਤੇ ਪ੍ਰਧਾਨ ਵੱਲੋਂ ਲਏ ਗਏ ਫੈਸਲਿਆਂ ਨੂੰ ਖਿੱੜੇ-ਮੱਥੇ ਪ੍ਰਵਾਨ ਕਰਨ ਦਾ ਫੈਸਲਾ ਲਿਆ। ਇਸ ਦੌਰਾਨ ਕਿਸਾਨ ਅੰਦੋਲਨ ਦੀ ਪੁਰਜੋਰ ਹਮਾਇਤ ਕਰਦਿਆਂ ਸਮੁੱਚੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੌਰੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਅੱਜ ਦੀ ਮੀਟਿੰਗ ਵਿੱਚ ਦੋਵੇਂ ਸੀਨੀਅਰ ਆਗੂਆਂ ਨੇ ਪੱਛਮੀ ਬੰਗਾਲ ਦੀ ਤੀਜ਼ੀ ਵਾਰ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ। ਦੋਵੇਂ ਆਗੂਆਂ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਜਿੱਤ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਖੇਤਰੀ ਪਾਰਟੀਆਂ ਹੀ ਸੂਬੇ ਦਾ ਵਿਕਾਸ ਕਰ ਸਕਦੀਆਂ ਹਨ। ਅੱਜ ਹੋਈ ਮੀਟਿੰਗ ਵਿੱਚ ਸ: ਸੇਵਾ ਸਿੰਘ ਸੇਖਵਾਂ ਸ: ਉਜਾਗਰ ਸਿੰਘ ਬਡਾਲੀ, ਸ:ਜਗਦੀਸ਼ ਸਿੰਘ ਗਰਚਾ, ਸ: ਬੀਰ ਦਵਿੰਦਰ ਸਿੰਘ, ਸ: ਸੁਖਵਿੰਦਰ ਸਿੰਘ ਔਲਖ, ਸ: ਨਿਧੜਕ ਸਿੰਘ ਬਰਾੜ, ਸ: ਰਣਜੀਤ ਸਿੰਘ ਤਲਵੰਡੀ, ਸ: ਮਹਿੰਦਰ ਸਿੰਘ ਹੁਸੈਨਪੁਰ, ਸ: ਰਵਿੰਦਰ ਸਿੰਘ ਬ੍ਰਹਮਪੁਰਾ, ਸ:ਹਰਸੁਖਿੰਦਰ ਸਿੰਘ ਬੱਬੀ ਬਾਦਲ, ਸ: ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਮੋਹਕਮ ਸਿੰਘ, ਸ: ਮਨਜੀਤ ਸਿੰਘ ਦਸੂਹਾ, ਸ: ਅਵਤਾਰ ਸਿੰਘ ਜੋਹਲ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਸ: ਮਨਮੋਹਨ ਸਿੰਘ ਸਠਿਆਲਾ, ਸ:ਦਲਜੀਤ ਸਿੰਘ ਗਿੱਲ, ਸ: ਅਰਜਨ ਸਿੰਘ ਸ਼ੇਰਗਿੱਲ, ਸ: ਸਵਰਨਜੀਤ ਸਿੰਘ ਕੁਰਾਲੀਆਂ, ਸ: ਸਾਹਿਬ ਸਿੰਘ ਬਡਾਲੀ, ਸ: ਮੱਖਣ ਸਿੰਘ ਨੰਗਲ, ਸ: ਦਵਿੰਦਰ ਸਿੰਘ ਸੋਢੀ ਅਤੇ ਸ: ਜਸਵਿੰਦਰ ਸਿੰਘ ਆਦਿ ਮੌਜੂਦ ਸਨ।






















