ਅਕਾਲੀ ਵਰਕਰਾਂ ਵੱਲੋਂ ਕੀਤੇ ਇਕੱਠ ਵਿਰੁੱਧ ਲੰਬੀ ਪੁਲਿਸ ਨੇ ਕੀਤੀ ਕਾਰਵਾਈ
ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਦੇ ਖਿਲਾਫ ਕਾਰਵਾਈ ਹੋਣ ਦੇ ਚਰਚੇ

ਲੰਬੀ 28 ਅਪ੍ਰੈਲ(ਵਿਸ਼ਵ ਵਾਰਤਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਤੇ ਐਸ ਓ ਆਈ ਦੇ ਨਵੇਂ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਭਾਗਸਰ ਦੇ ਸਨਮਾਨ ਮੌਕੇ ਪਾਰਟੀ ਪ੍ਰਧਾਨ ਦੀ ਹਾਜਰੀ ਵਿਚ ਕੋਰੋਨਾਂ ਨਿਯਮਾਂ ਦੀਆਂ ਉਡਾਈਆਂ ਧੱਜੀਆਂ ਨੂੰ ਲੈਕੇ ਲੰਬੀ ਪੁਲਸ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ 200-250 ਵਰਕਰਾਂ ਦੀ ਹਾਜਰੀ ਵਿਚ ਕੀਤੇ ਸਨਮਾਨ ਸਮਰੋਹ ਮੌਕੇ ਖੁਦ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਵਰਕੰਦੀ , ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਤਜਿੰਦਰ ਸਿੰਘ ਮਿੱਡੂਖੇੜਾ ਸਮੇਤ ਆਗੂ ਹਾਜਰ ਸਨ।
ਕਰੋਨਾਂ ਤੋਂ ਨਹੀਂ ਕਾਰਵਾਈ ਤੋਂ ਡਰਦੇ ਵਰਕਰ- ਸ਼ੋਸਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਹਾਜਰ ਵਰਕਰਾਂ ਨੂੰ ਮੰਚ ਤੋਂ ਸੰਬੋਧਨ ਕਰਦਿਆਂ ਆਖਿਆ ਜਾ ਰਿਹਾ ਹੈ ਕਿ ਕੋਰੋਨਾ ਕਰਕੇ ਕੋਈ ਵੀ ਵਰਕਰ ਇਕੱਠ ਦੀ ਫੋਟੋ ਜਾਂ ਵੀਡੀਓ ਨਾ ਬਣਾਏ। ਜਿਸ ਤੋਂ ਇਹ ਪ੍ਰਭਾਵ ਜਾ ਰਿਹਾ ਸੀ ਕਿ ਉਹਨਾਂ ਵੱਲੋਂ ਕੀਤੇ ਇਕੱਠ ਨਾਲ ਕੋਰੋਨਾ ਦਾ ਨਹੀਂ ਸਗੋਂ ਕਾਰਵਾਈ ਦਾ ਡਰ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੀਆਂ ਫੋਟੋ ਵੀਡੀਓ ਮੀਡੀਏ ਵਿਚ ਆਉਣ ਪਿੱਛੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਵੱਲੋਂ ਲੰਬੀ ਥਾਣਾ ਮੁਖੀ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੇ ਅਦੇਸ਼ ਦਿੱਤੇ ਗਏ ਹਨ। ਜਦੋਂ ਇਸ ਸਬੰਧੀ ਡੀ ਐਸ ਪੀ ਮਲੋਟ ਜਸਪਾਲ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਐਸ ਐਚ ਓ ਲੰਬੀ ਤੁਹਾਡੇ ਨਾਲ ਗੱਲ ਕਰਦੇ ਹਨ, ਐਸ ਐਚ ਓ ਚੰਦਰ ਸ਼ੇਖਰ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਰਵਾਈ ਨੂੰ ਘੰਟਾ ਲੱਗੇਗਾ ਉਸ ਤੋਂ ਬਾਅਦ ਹੀ ਕੁਝ ਨਹੀਂ ਦੱਸਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਕਾਰਵਾਈ ਲਈ ਹਾਂ ਜਾਂ ਨਾਂਹ ਵਿਚ ਜਵਾਬ ਦੇਣ ਦੀ ਬਜਾਏ ਗੋਲ ਮੋਲ ਜਵਾਬ ਦੇਣ ਤੋਂ ਲੱਗਦਾ ਹੈ ਕਿ ਲੰਬੀ ਪੁਲਸ ਕਾਰਵਾਈ ਕਰ ਰਹੀ ਹੈ ਪਰ ਮੀਡੀਆਂ ਨੂੰ ਜਾਣਕਾਰੀ ਦੇਣ ਤੋਂ ਟਾਲਾ ਕਰ ਰਹੀ ਹੈ। ਦੇਰ ਨਾਲ ਪਤਾ ਲੱਗਾ ਹੈ ਕਿ ਲੰਬੀ ਪੁਲਸ ਨੇ ਇਸ ਮਾਮਲੇ ਤੇ ਸੁਖਬੀਰ ਸਿੰਘ ਬਾਦਲ, ਰੋਬਿਨ ਬਰਾੜ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਸਮੇਤ 150-200 ਵਰਕਰਾਂ ਵਿਰੁੱਧ ਅ/ਧ 188 ਸਮੇਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।






















