ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ‘ਤੇ ਬੇਲੋੜੀਆਂ ਪਾਬੰਦੀਆਂ ਲਗਾਉਣਾ ਕੋਈ ਹੱਲ ਨਹੀਂ:ਕਾਮਰੇਡ ਸੇਖੋਂ
ਸਰਕਾਰਾਂ ਯੋਗ ਪ੍ਰਬੰਧਕ ਕਰਨ ‘ਚ ਹੋਈਆਂ ਫੇਲ੍ਹ
ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ

ਚੰਡੀਗੜ੍ਹ, 28 ਅਪ੍ਰੈਲ( ਵਿਸ਼ਵ ਵਾਰਤਾ): ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੋਦੀ ਤੇ ਪੰਜਾਬ ਸਰਕਾਰ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਸਰਕਾਰਾਂ ਹੁਣ ਲੋਕਾਂ ‘ਤੇ ਬੇਲੋੜੀਆਂ ਪਾਬੰਦੀਆਂ ਲਗਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵਧਾ ਰਹੀਆਂ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਜਦੋਂ ਮਾਹਰਾਂ ਵੱਲੋਂ ਇਸ ਗੱਲ ਦਾ ਖਦਸ਼ਾ ਜਾਹਰ ਕੀਤਾ ਜਾਂਦਾ ਰਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਵਧ ਖ਼ਤਰਨਾਕ ਹੋਵੇਗੀ ਤਾਂ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਤੇ ਇਸ ਤੋਂ ਬਚਾਅ ਦੇ ਢੁਕਵੇਂ ਪ੍ਰਬੰਧ ਕਿਉਂ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਹੁਣ ਸਰਕਾਰਾਂ ਦੇ ਨਾਕਸ ਪ੍ਰਬੰਧਾਂ ਕਾਰਨ ਸਥਿਤੀ ਹੱਥ ਵਿਚੋਂ ਨਿਕਲਦੀ ਜਾ ਰਹੀ ਹੈ ਤਾਂ ਪਹਿਲਾਂ ਹੀ ਲਾਕਡਾਊਨ ਦੇ ਝੰਬੇ ਲੋਕਾਂ ‘ਤੇ ਬੇਲੋੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।
ਕਾਮਰੇਡ ਸੇਖੋਂ ਨੇ ਕਿਹਾ ਕਿ ਸਰਕਾਰਾਂ ਨੇ ਰੈਲੀਆਂ ਤੇ ਹੋਰ ਸਰਕਾਰੀ ਪ੍ਰੋਗਰਾਮਾਂ ਦਾ ਸਿਲਸਿਲਾ ਜਾਰੀ ਰੱਖਿਆ, ਉਸ ਮੌਕੇ ਕੋਰੋਨਾ ਸਬੰਧੀ ਪਾਬੰਦੀਆਂ ਕਿੱਥੇ ਸਨ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਹਸਪਤਾਲਾਂ ‘ਚ ਆਕਸੀਜਨ ਦੀ ਭਾਰੀ ਕਮੀ ਹੈ, ਜਿਸ ਕਾਰਨ ਕੀਮਤੀ ਇਨਸਾਨੀ ਜ਼ਿੰਦਗੀਆਂ ਭੰਗ ਦੇ ਭਾੜੇ ਜਾ ਰਹੀਆਂ ਹਨ। ਆਕਸੀਜਨ ਦੀ ਵੱਡੇ ਪੱਧਰ ‘ਤੇ ਕਾਲਾਬਾਜ਼ਾਰੀ ਹੋ ਰਹੀ ਹੈ ਤੇ ਸਰਕਾਰਾਂ ਮੂਕ ਦਰਸ਼ਕ ਬਣ ਕੇ ਇਹ ਸਭ ਕੁੱਝ ਦੇਖ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇ ਤੇ ਸਰਕਾਰ ਆਕਸੀਜਨ ਦੀ ਘਾਟ ਨੂੰ ਤੁਰੰਤ ਪੂਰਾ ਕਰੇ।
ਕਾਮਰੇਡ ਸੇਖੋਂ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਭਾਰੀ ਥੁੜ ਹੈ ਜੇ ਕਿਤੇ ਵੈਂਟੀਲੇਟਰ ਹੈ ਵੀ ਹਨ ਤਾਂ ਇਨ੍ਹਾਂ ਨੂੰ ਚਲਾਉਣ ਲਈ ਟੈਕਨੀਸ਼ੀਅਨ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮਾਹਰ ਕੋਰੋਨਾ ਦੀ ਦੂਜੀ ਲਹਿਰ ਖ਼ਤਰਨਾਕ ਹੋਣ ਦਾ ਖਦਸ਼ਾ ਜਾਹਰ ਕਰ ਰਹੇ ਸਨ ਤਾਂ ਸਰਕਾਰਾਂ ਨੇ ਅਜਿਹੇ ਪ੍ਰਬੰਧ ਕਿਉਂ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰਾਂ ਕੋਵਿਡ ਵੈਕਸੀਨ ਲਗਵਾਉਣ ਦਾ ਪ੍ਰਚਾਰ ਕਰ ਰਹੀਆਂ ਹਨ ਤੇ ਦੂਜੇ ਪਾਸੇ ਵੈਕਸੀਨ ਦੀ ਥੁੜ ਦਾ ਰੋਣਾ ਰੋ ਰਹੀਆਂ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਜੇ ਕਰ ਦੇਖਿਆ ਜਾਵੇ ਤਾਂ ਕੋਵਿਡ ਵੈਕਸੀਨ ਦੀ ਕੌਮਾਂਤਰੀ ਪੱਧਰ ‘ਤੇ ਭਰੋਸੇਯੋਗਤਾ ਸਬੰਧੀ ਕੋਈ ਠੋਸ ਪ੍ਰਮਾਣਿਕਤਾ ਨਹੀਂ ਮਿਲਦੀ ਪਰ ਫਿਰ ਵੀ ਜੇ ਸਰਕਾਰ ਨੇ ਟੀਕਾਕਰਨ ਮੁਹਿੰਮ ਆਰੰਭੀ ਹੈ ਤਾਂ ਇਸ ਵਿੱਚ ਵੈਕਸੀਨ ਦੀ ਕਮੀ ਨਹੀਂ ਆਉਣੀ ਚਾਹੀਦੀ।
ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਫ਼ਤਾਵਾਰੀ ਲਾਕਡਾਊਨ ਤੇ ਰਾਤ ਦੇ ਕਰਫ਼ਿਊ ਦੇ ਸਮੇਂ ਚ ਕੀਤੀ ਤਬਦੀਲੀ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਰੋਬਾਰ ਤੇ ਹੋਰ ਕੰਮ-ਧੰਦੇ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ।






















