ਆਜ਼ਾਦ ਕੌਂਸਲਰ ਸੁਖਪਾਲ ਬਣਿਆ ਬੁਢਲਾਡਾ ਦਾ ਪ੍ਰਧਾਨ
ਵਿਧਾਇਕ ਅਤੇ ਗੁਰਪਾਲ ਠੇਕੇਦਾਰ ਦੀ ਰਹੀ ਝੰਡੀ

ਬੁਢਲਾਡਾ 23ਅਪ੍ਰੈਲ(ਵਿਸ਼ਵ ਵਾਰਤਾ): ਸਥਾਨਕ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਸਥਾਨਕ ਪੱਧਰ ਦੀ ਧੜੇਬੰਦੀ ਹੋਣ ਕਾਰਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਸਮਾਜ ਸੇਵੀ ਠੇਕੇਦਾਰ ਗੁਰਪਾਲ ਸਿੰਘ ਗਰੁੱਪ ਵੱਲੋਂ ਆਜ਼ਾਦ ਕੌਂਸਲਰ ਸੁਖਪਾਲ ਸਿੰਘ ਵਾਰਡ ਨੰਬਰ 17 ਨੂੰ ਹਮਾਇਤ ਦੇਣ ਕਾਰਨ 11 ਵੋਟਾਂ ਦੇ ਫਰਕ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨਗੀ ਦੇ ਦਾਅਵੇਦਾਰ ਹਰਵਿੰਦਰਦੀਪ ਸਿੰਘ ਸਵੀਟੀ ਸੀਨੀਅਰ ਮੀਤ ਪ੍ਰਧਾਨ ਅਤੇ ਆਜ਼ਾਦ ਕੌਂਸਲਰ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਉਪਰੋਕਤ ਚੋਣ ਦੀ ਪ੍ਰਕਿਰਿਆ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆਂ ਵੱਲੋਂ ਕੀਤੀ ਗਈ। ਇਸ ਮੋਕੇ ਭਾਰੀ ਪੁਲਿਸ ਫੋਰਸ ਸਮੇਤ ਸੁਪਰਡੈਂਟ ਪੁਲਿਸ ਸਤਨਾਮ ਸਿੰਘ ਹਾਜ਼ਰ ਸਨ ਜਿੱਥੇ ਅਮਨ ਅਮਾਨ ਨਾਲ ਉਪਰੋਕਤ ਚੋਣ ਨੂੰ ਨੇਪਰੇ ਚਾੜਿਆ ਗਿਆ। ਅੱਜ ਦੀ ਚੋਣ ਨੁੰ ਲੈ ਕੇ ਸਿਆਸੀ ਹਲਕਿਆਂ ਵਿੱਚ ਇੱਕਦਮ ਭੁਚਾਲ ਨਜਰ ਆਇਆ ਜਦੋਂ ਕਾਂਗਰਸ ਦੇ ਦਾਅਵੇਦਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਠੇਕੇਦਾਰ ਗੁਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਇੱਕ ਸਾਝਾ ਪਲੇਟਫਾਰਮ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਬਿਨ੍ਹਾਂ ਸ਼ਰਤ ਹਮਾਇਤ ਪਹਿਲਾਂ ਹੀ ਦੇ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਬਣਨ ਵਾਲਾ ਪ੍ਰਧਾਨ ਸੁਖਪਾਲ ਸਿੰਘ ਸ਼ਹਿਰ ਦਾ ਇੱਕ ਚੰਗਾ ਸਮਾਜ ਸੇਵੀ ਹੈ। ਦੂਸਰੇ ਪਾਸੇ ਕਾਂਗਰਸੀ ਹਲਕਿਆਂ ਵਿੱਚ ਅੱਜ ਦੀ ਉਪਰੋਕਤ ਚੋਣ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੀਆਂ ਕਿਆਸ ਰਾਈਆ ਲਗਾਇਆ ਜਾ ਰਹੀਆ ਹਨ। ਵਰਣਨਯੋਗ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਸ਼ਹਿਰ ਅੰਦਰ 19 ਵਾਰਡਾਂ ਵਿੱਚੋਂ ਕਾਂਗਰਸ ਸਿਰਫ 6 ਵਾਰਡਾਂ ਤੇ ਹੀ ਜਿੱਤ ਦਰਜ ਕਰਵਾ ਸਕੀ ਸੀ। 10 ਆਜ਼ਾਦ ਕੋਸਲਰ, 2 ਅਕਾਲੀ ਦਲ(ਬ) ਅਤੇ ਇੱਕ ਆਮ ਆਦਮੀ ਪਾਰਟੀ ਦਾ ਕੌਂਸਲਰ ਜੇਤੂ ਰਿਹਾ। ਕਾਂਗਰਸ ਪਾਰਟੀ ਵੱਲੋਂ ਕੌਂਸਲ ਪ੍ਰਧਾਨ ਨੂੰ ਬਣਾਉਣ ਲਈ ਲੰਮੇ ਸਮੇਂ ਤੋਂ ਜ਼ੋੜ ਤੋੜ ਦੀ ਰਾਜਨੀਤੀ ਕੀਤੀ ਜਾ ਰਹੀ ਸੀ ਜਿਸ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ ਪਰੰਤੂ ਸਮੇਂ ਸਿਰ ਸਹੀ ਰਿਪੋਰਟ ਖਜਾਨਾਂ ਮੰਤਰੀ ਤੱਕ ਨਾ ਦੇਣ ਕਾਰਨ ਪ੍ਰਧਾਨਗੀ ਅਜਾਦ ਦੇ ਖਾਤੇ ਚਲੀ ਗਈ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕੋਸਲ ਪ੍ਰਧਾਨ ਸੁਖਪਾਲ ਸਿੰਘ ਦਾ ਚੁਣੇ ਜਾਣ ਤੇ ਜਿੱਥੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਆਜਾਦ ਕੌਂਸਲਰਾਂ ਵੱਲੋਂ ਸਮੇਂ ਸਿਰ ਲਿਆ ਗਿਆ ਫੈਸਲਾ ਸ਼ਹਿਰ ਦੇ ਹਿੱਤ ਵਿੱਚ ਲਾਭਦਾਇਕ ਸਿੱਧ ਹੋਵੇਗਾ।






















