ਹੈਲਥ ਵੈਲਨੈਸ ਸੈਂਟਰ ਸਨੇਟਾ ਵਿਖੇ ਆਯੂਸ਼ਮਾਨ ਭਾਰਤ ਪ੍ਰੋਗਰਾਮ ਦੀ ਤੀਜੀ ਵਰ੍ਹੇਗੰਢ ਮਨਾਈ ਗਈ

ਐੱਸ ਏ ਐੱਸ ਨਗਰ 14 ਅਪਰੈਲ ( ਸਤੀਸ਼ ਕੁਮਾਰ ਪਪੀ ) : ਅੱਜ ਮਿਤੀ 14-04-2021 ਨੂੰ ਆਯੂਸ਼ਮਾਨ ਭਾਰਤ ਪ੍ਰੋਗਰਾਮ ਦੀ ਤੀਜੀ ਵਰ੍ਹੇਗੰਢ ਮੌਕੇ ਡਾਂ ਸੁਰਿੰਦਰਪਾਲ ਕੌਰ ਐਸ.ਐਮ.ਓ. ਪੀ.ਐਚ.ਸੀ. ਘੜੂੰਆਂ ਦੀ ਅਗਵਾਈ ਹੇਠ ਹੈਲਥ ਵੈਲਨੈਸ ਸੈਂਟਰ ਸਨੇਟਾ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਹੈਲਥ ਵੈਲਨੈਸ ਸੈਂਟਰ ਸਨੇਟਾ ਅਧੀਨ ਪੈਂਦੇ ਪਿੰਡਾਂ ਜਿਵੇਂ ਸਨੇਟਾ, ਗੋਬਿੰਦਗੜ੍ਹ, ਸੁੱਖਗੜ, ਗੋਡਾਨਾ, ਢੇਲਪੁਰ, ਬਠਲਾਣਾ ਤੇ ਧੀਰਪੁਰ ਦੇ ਸਰਪੰਚ ਸਾਹਿਬਾਨ ਸ਼ਾਮਿਲ ਹੋਏ। ਇਸ ਮੌਕੇ ਕਮਿਉਨਿਟੀ ਹੈਲਥ ਅਫਸਰ ਰਚਨਾ ਕੁਮਾਰੀ ਨੇ ਕੈਂਪ ਵਿੱਚ ਪਹੁੰਚਣ ਤੇ ਸਭ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਹੈਲਥ ਵੈਲਨੈਸ ਸੈਂਟਰਾ ਦਾ ਸੰਚਾਲਨ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ ਤੇ ਸਾਲ 2020-21 ਵਿੱਚ ਪੰਜਾਬ ਨੇ ਪੂਰੇ ਭਾਰਤ ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ, ਇਹਨਾਂ ਸੈਂਟਰਾਂ ਤੇ 12 ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦੇ ਨਾਲ 6 ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ 27 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ। ਸਰਪੰਚਾਂ ਅਤੇ ਸਮੂਹ ਸਟਾਫ ਦੀ ਜਨ ਅਰੋਗੇਯਾ ਸਮਿਤੀ ਬਣਾਈ ਗਈ ਜਿਸ ਦੀ ਹਰ ਮਹੀਨੇ ਇੱਕ ਮੀਟਿੰਗ ਰੱਖੀ ਜਾਵੇਗੀ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਬਾਰੇ ਸਮੇਂ ਸਮੇਂ ਤੇ ਦਿੱਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾ ਸੰਬੰਧੀ ਸਲਾਹ ਮਸ਼ਵਰਾ ਕੀਤਾ ਜਾਵੇਗਾ ਤਾਂ ਜੋ ਜਮੀਨੀ ਪੱਧਰ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।






















