ਅਨਾਜ ਮੰਡੀਆਂ ਵਿੱਚ ਤਾਇਨਾਤ ਜੀ.ਓ.ਜੀਜ਼ ਨੂੰ ਪਲਸ ਆਕਸੀਮੀਟਰ, ਮਾਸਕ, ਥਰਮਲ ਸਕੈਨਰ ਅਤੇ ਹੈਂਡ ਸੈਨੇਟਾਈਜ਼ਰ ਵੰਡੇ : ਡਿਪਟੀ ਕਮਿਸ਼ਨਰ

ਜਲੰਧਰ,13 ਅਪ੍ਰੈਲ (ਅਸ਼ਵਨੀ ਠਾਕੁਰ) – ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਅੱਜ ਮੰਡੀਆਂ ਵਿੱਚ ਤਾਇਨਾਤ ਗਾਰਡੀਅਨਜ਼ ਆਫ ਗਵਰਨੈਂਸ (ਜੀ.ਓ.ਜੀਜ਼) ਨੂੰ ਪਲਸ ਆਕਸੀਮੀਟਰ, ਥਰਮਲ ਸਕੈਨਰ, ਐਨ 95 ਮਾਸਕ ਅਤੇ ਹੈਂਡ ਸਨੀਟਾਈਜ਼ਰਾਂ ਦੀ ਵੰਡ ਕੀਤੀ ਗਈ । ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਕਾਰਜਾਂ ਦੌਰਾਨ ਵਰਤੋਂ ਲਈ 200 ਐਨ 95 ਮਾਸਕ, ਪਲਸ ਆਕਸੀਮੀਟਰ, ਥਰਮਲ ਸਕੈਨਰ ਅਤੇ 100 ਪੈਕ ਹੈਂਡ ਸੈਨੀਟਾਈਜ਼ਰ ਗਾਰਡੀਅਨਜ਼ ਆਫ਼ ਗਵਰਨੈਂਸ ਨੂੰ ਸੌਂਪੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੁੱਚੀਆਂ 78 ਮੰਡੀਆਂ ਵਿੱਚ ਕੂਪਨ ਪ੍ਰਣਾਲੀ ਪਹਿਲਾਂ ਹੀ ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਸਕੇ ਅਤੇ ਥਰਮਲ ਸਕੈਨਰ ਰਾਹੀਂ ਮੰਡੀਆਂ ਵਿੱਚ ਆਉਣ ਵਾਲਿਆਂ ਦੀ ਜਾਂਚ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਦਾਖਲ ਹੋਣ ਵਾਲਿਆਂ ਦੇ ਆਕਸੀਜ਼ਨ ਪੱਧਰ ਦੀ ਜਾਂਚ ਲਈ ਪਲਸ ਆਕਸੀਮੀਟਰਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਸ਼ੱਕੀ ਕੋਵਿਡ -19 ਕੇਸਾਂ ਨੂੰ ਵੱਖ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੀ.ਓ.ਜੀਜ਼ ਨੂੰ ਮੰਡੀਆਂ ਵਿਚ ਸਮੁੱਚੀ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਨੂੰ ਲਾਗੂ ਕਰਨ ਲਈ ਸ਼ਾਮਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰੋਟੋਕਾਲਜ਼ ਨੂੰ ਸਹੀ ਢੰਗ ਨਾਲ ਲਾਗੂ ਕਰਦਿਆਂ ਕਣਕ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵੰਡਣ ਲਈ ਇਹ ਵਸਤਾਂ ਜ਼ਿਲ੍ਹਾ ਜੀ.ਓ.ਜੀ ਮੁਖੀ ਨੂੰ ਸੌਂਪੀਆਂ ਗਈਆਂ ਹਨ।






















