ਯੂਪੀ ਦਾ ਤਸਕਰ ਚੜ੍ਹਿਆ ਸੀਆਈਏ ਦਿਹਾਤ ਪੁਲਿਸ ਦੇ ਹੱਥੇ, ਅਫੀਮ ਸਮੇਤ ਗ੍ਰਿਫ਼ਤਾਰ

ਜਲੰਧਰ, 12 ਅਪ੍ਰੈਲ (ਅਸ਼ਵਨੀ ਠਾਕੁਰ) – ਸੀਆਈਏ ਸਟਾਫ ਦਿਹਾਤ ਦੀ ਪੁਲਿਸ ਨੇ ਅਲਾਵਲਪੁਰ ਇਲਾਕੇ ਵਿਚ ਗਸ਼ਤ ਦੌਰਾਨ ਇਕ ਯੂਪੀ ਦੇ ਤਸਕਰ ਨੂੰ ਉਸ ਵੇਲੇ ਅਫੀਮ ਸਮੇਤ ਕਾਬੂ ਕੀਤਾ, ਜਦੋਂ ਉਹ ਅਫੀਮ ਦੀ ਸਪਲਾਈ ਦੇਣ ਲਈ ਕਿਧਰੇ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਸੀਆਈਏ ਦਿਹਾਤ ਦੇ ਸਬ-ਇੰਸਪੈਕਟਰ ਅਜੀਤ ਸਿੰਘ ਪੁਲਿਸ ਪਾਰਟੀ ਸਮੇਤ ਕਿਸ਼ਨਗੜ੍ਹ ਤੋਂ ਅਲਾਵਲਪੁਰ ਵੱਲ ਗਸ਼ਤ ਕਰ ਰਹੇ ਸਨ ਕਿ ਇਕ ਨੌਜਵਾਨ ਪੈਦਲ ਆਉਂਦਾ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਦਮ ਰੁਕ ਗਿਆ ਅਤੇ ਪਿੱਛੇ ਨੂੰ ਭੱਜਣ ਲੱਗਾ, ਪੁਲਿਸ ਪਾਰਟੀ ਨੇ ਪਿੱਛਾ ਕਰ ਕੇ ਜਦੋਂ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਨੇ ਆਪਣੇ ਢਿੱਡ ਨਾਲ ਇੱਕ ਬੈਲਟ ਬੰਨ੍ਹੀ ਹੋਈ ਸੀ, ਜਿਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਇਕ ਕਿੱਲੋ ਤਿੰਨ ਸੌ ਗ੍ਰਾਮ ਅਫੀਮ ਬਰਾਮਦ ਹੋਈ। ਉਕਤ ਨੌਜਵਾਨ ਜਿਸ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਯੂਪੀ ਦੇ ਰੂਪ ਵਿਚ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ।






















