ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਲਗਾਇਆ ਗਿਆ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਧਰਨਾ
-ਮਸਲੇ ਦਾ ਹੱਲ ਜਲਦ ਹੀ ਨਾ ਹੋਇਆ ਤਾ ਉਲੀਕੀ ਜਾਵੇਗੀ ਨਵੀਂ ਰਣਨੀਤੀ

ਗੁਰੂਹਰਸਹਾਏ 10 ਅਪ੍ਰੈਲ ( ਵਿਸ਼ਵ ਵਾਰਤਾ): ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਇਲਾਕਾ ਗੁਰੂਹਰਸਹਾਏ ਵੱਲੋਂ ਬਾਜੇ ਕੇ ਦੇ ਹਾਕਮ ਚੰਦ ਦੀ ਥਾਂ ਨੂੰ ਲੈ ਕੇ ਖੇਡ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਕਮੇਟੀ ਦੇ ਕਨਵੀਨਰ ਰੇਸ਼ਮ ਮਿੱਡਾ ਨੇ ਕੀਤੀ। ਇਸ ਧਰਨੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਟੈਕਨੀਕਲ ਸਰਵਿਸ ਯੂਨੀਅਨ, ਬਿਜਲੀ ਬੋਰਡ ਦੇ ਮੁਲਾਜਮਾਂ ਤੇ ਇਸ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਰੇਸ਼ਮ ਮਿੱਡਾ ਨੇ ਕਿਹਾ ਕਿ 13 ਅਕਤੂਬਰ 2017 ਨੂੰ ਬਾਜੇਕੇ ਦੇ ਆੜ੍ਹਤੀਏ ਤੇ ਸਾਬਕਾ ਸਰਪੰਚ ਕਸ਼ਮੀਰ ਲਾਲ ਨੇ ਜ਼ਬਰਦਸਤੀ ਹਾਕਮ ਚੰਦ ਦੇ ਪਰਿਵਾਰ ਤੇ ਗੁੰਡਿਆਂ ਨੂੰ ਬੁਲਾ ਕੇ ਹਮਲਾ ਕਰ ਕੇ ਜ਼ਖਮੀ ਕੀਤਾ ਤੇ ਫਿਰ ਥਾਣੇ ਬੰਦ ਕਰਵਾ ਦਿੱਤਾ ਸੀ ਅਤੇ ਜੇਸੀਬੀ ਲਾ ਕੇ ਉਨ੍ਹਾਂ ਦੀ ਦੁਕਾਨ ਜੋ ਬਿਜਲੀ ਦੀਆਂ ਮੋਟਰਾਂ ਦਾ ਕੰਮ ਕਰਨ ਵਾਲੀ ਸੀ ਨੂੰ ਢਾਹ ਕੇ ਉਸ ਵਿੱਚ ਪਿਆ ਅੱਠ ਦੱਸ ਲੱਖ ਦਾ ਸਾਮਾਨ ਚੁੱਕ ਕੇ ਖੁਰਦ ਬੁਰਦ ਕਰ ਦਿੱਤਾ ਸੀ। ਇਸ ਮਸਲੇ ਨੂੰ ਹੱਲ ਕਰਵਾਉਣ ਲਈ ਸੰਘਰਸ਼ ਕਮੇਟੀ ਨੇ ਕਈ ਵਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਜ਼ਿਲ੍ਹੇ ਦੇ ਐੱਸਡੀਐੱਮ, ਡੀਸੀ, ਐੱਸਐੱਸਪੀ ਤੇ ਡੀਐੱਸਪੀ ਥਾਣਾ ਗੁਰੂਹਰਸਹਾਏ ਤੇ ਦਫਤਰਾਂ ਮੂਹਰੇ ਧਰਨੇ ਦਿੱਤੇ ਗਏ, ਪਰ ਵਿਸ਼ਵਾਸ ਦਿਆਉਣ ਤੋਂ ਬਗ਼ੈਰ ਕਿਸੇ ਅਧਿਕਾਰੀ ਨੇ ਮਸਲੇ ਨੂੰ ਹੱਲ ਨਹੀਂ ਕੀਤਾ ਕਿਉਂਕਿ ਖੇਡ ਮੰਤਰੀ ਕਸਮੀਰ ਲਾਲ ਦੀ ਪਿੱਠ ਥਾਪੜ ਰਿਹਾ ਹੈ ਦੋ ਵਾਰ ਮੰਤਰੀ ਦੀ ਕੋਠੀ ਮੂਹਰੇ ਵੀ ਧਰਨਾ ਦਿੱਤਾ ਗਿਆ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਦਾ ਫੈਸਲਾ ਹਾਕਮ ਚੰਦ ਦੇ ਹੱਕ ਵਿੱਚ ਸਤੰਬਰ 2019 ਨੂੰ ਕਰ ਦਿੱਤਾ ਤੇ ਨਾਲ ਹੀ ਹਾਕਮ ਚੰਦ ਨੂੰ ਉਸ ਦੀ ਜਗ੍ਹਾ ਵਾਪਸ ਦਿਵਾਉਣ ਲਈ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਗਿਆ, ਪਰ ਇਸ ਹੁਕਮ ਤੇ ਵੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੇ ਸਿਰਫ ਵਿਸ਼ਵਾਸ ਹੀ ਦਿੱਤਾ, ਪਰ ਕਬਜ਼ਾ ਲੈ ਕੇ ਨਹੀਂ ਦਿੱਤਾ ਅਤੇ ਨਾ ਹੀ ਕਸਮੀਰ ਲਾਲ ਤੇ ਕੋਈ ਕਾਰਵਾਈ ਕੀਤੀ 2 ਜੂਨ 2020 ਨੂੰ ਜ਼ਿਲ੍ਹਾ ਫਿਰੋਜਪੁਰ ਦੇ ਐੱਸਐੱਸਪੀ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਹਾਕਮ ਚੰਦ ਦੀ ਥਾਂ ਤੇ ਸਮਾਨ ਵਾਪਸ ਦਿਵਾਉਣ ਲਈ ਵਿਸ਼ਵਾਸ ਦਿੱਤਾ, ਪਰ ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਦੁਬਾਰਾ ਫਿਰ ਸੰਘਰਸ਼ ਕਮੇਟੀ ਤੇ ਜਥੇਬੰਦੀ ਦੇ ਆਗੂਆਂ ਤੇ ਸੰਗੀਨ ਧਰਾਵਾਂ ਜਿਵੇਂ ਕਿ 307 ਤੇ ਹੋਰ ਲਾ ਕੇ ਪਰਚੇ ਕਰ ਦਿੱਤੇ ਗਏ। ਇਥੋਂ ਤੱਕ ਕਿ ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ 31ਮਈ 2020 ਨੂੰ ਪੁਲਸ ਦੀ ਹਾਜ਼ਰੀ ਵਿਚ ਕਸ਼ਮੀਰ ਲਾਲ ਤੇ ਉਸਦੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਜਿਸ ਵਿੱਚ ਹਾਕਮ ਚੰਦ ਦਾ ਲੜਕਾ ਪ੍ਰਸ਼ੋਤਮ ਕੁਮਾਰ ਜ਼ਖਮੀ ਹੋ ਗਿਆ ਜਿਸ ਕਾਰਨ ਕਸ਼ਮੀਰ ਲਾਲ ਤੇ ਉਸ ਦੇ ਹਮਾਇਤੀਆਂ ਤੇ 307 ਤੇ ਹੋਰ ਕਈ ਧਾਰਾਵਾਂ ਤਹਿਤ ਪੁਲਿਸ ਵੱਲੋਂ ਪਰਚਾ ਕੀਤਾ ਗਿਆ, ਪਰ ਪੁਲਸ ਵੱਲੋਂ ਉਨ੍ਹਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਪਰ ਇਸ ਦੇ ਉਲਟ ਕਮੇਟੀ ਦੇ ਤੇ ਪਿੰਡ ਬਾਜੇਕੇ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਜਿਸ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਪਿੰਡ ਬਾਜੇਕੇ ਦੇ ਸਾਥੀ ਸੁਰਿੰਦਰ ਕੁਮਾਰ ਨੂੰ ਅਰੈਸਟ ਕਰ ਜੇਲ੍ਹ ਭੇਜ ਦਿੱਤਾ ਗਿਆ ਜੋ ਬਿਨਾਂ ਵਜ੍ਹਾ ਅੱਠ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ। ਅਸੀਂ ਜ਼ਬਰ ਵਿਰੋਧੀ ਕਮੇਟੀ ਵੱਲੋਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹਾਂ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਹਾਕਮ ਚੰਦ ਨੂੰ ਉਸ ਦੀ ਥਾਂ ਤੇ ਸਾਮਾਨ ਵਾਪਸ ਦਿਵਾਇਆ ਜਾਵੇ। ਸੁਰਿੰਦਰ ਕੁਮਾਰ ਨੂੰ ਜੇਲ੍ਹ ਚੋਂ ਰਿਹਾਅ ਕੀਤਾ ਜਾਵੇ ਨਹੀਂ ਤਾਂ ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਅਗਲਾ ਹੋਰ ਪ੍ਰੋਗਰਾਮ ਦੇਣ ਲਈ ਮਜ਼ਬੂਰ ਹੋਵੇਗੀ, ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ। ਇਸ ਧਰਨੇ ਨੂੰ ਕਨਵੀਨਰ ਰੇਸ਼ਮ ਵੱਡਾ ਤੋਂ ਇਲਾਵਾ ਮਾਸਟਰ ਦੇਸ ਰਾਜ, ਜ਼ੈਲ ਸਿੰਘ ਚੱਪਾੜਿੱਕੀ, ਸ਼ਿੰਗਾਰ ਚੰਦ, ਨਰੇਸ਼ ਸੇਠੀ, ਗੁਰਮੀਤ ਸਿੰਘ, ਰਮੇਸ਼ ਸਿੰਘ ਆਦਿ ਨੇ ਰੈਲੀ ਨੂੰ ਸੰਬੋਧਨ ਕੀਤਾ।






















