ਜ਼ਮੀਨ ਦੀ ਸਿਹਤ ਸੁਧਾਰਨ ਲਈ ਕਿਸਨ ਅਗਾਂਊਂ ਯੋਜਨਾਂਬੰਦੀ ਕਰਨ: ਡਾ: ਕੁਲਜੀਤ ਸਿੰਘ ਸੈਣੀ

ਅੰਮ੍ਰਿਤਸਰ 9 ਅਪ੍ਰੈਲ –ਮੁੱਖ ਖੇਤੀਬਾੜੀ ਅਫਸਰ ਡਾ: ਕੁਲਜੀਤ ਸਿੰਘ ਸੈਣੀ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਮੀਨ ਵਿੱਚੋਂ ਲਗਾਤਾਰ ਸਬਜੀਆਂ, ਫਲ ਅਤੇਂ ਫਸਲਾਂ ਦੀ ਪੈਦਾਵਾਰ ਲੈਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਪ੍ਰੰਤੂ ਰਸਾਇਣਿਕ ਖਾਦਾਂ ਦੀ ਖਪਤ ਕਾਫੀ ਮਹਿੰਗੀ ਸਿੱਧ ਹੁੰਦੀ ਹੈ। ਇਸ ਕਰਕੇ ਖੇਤੀ ਖਰਚਿਆਂ ਨੂੰ ਘਟਾਉਣ, ਜਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਅਤੇ ਕੁਆਲਿਟੀ ਦੀ ਪੈਦਾਵਾਰ ਲਈ ਸਮੇਂ ਸਿਰ ਯੋਜਨਾਂਬੰਦੀ ਕਰਨ ਦੀ ਜਰੂਰਤ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਫਸਲਾਂ ਦੀ ਕਟਾਈ ਕਰਕੇ ਮਿੱਟੀ ਪਰਖ ਕਰਵਾਉਣ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ਤੇ ਹੀ ਲੋੜ੍ਹ ਮੁਤਾਬਿਕ ਖੁਰਾਕੀ ਤੱਤਾਂ ਨੂੰ ਜਮੀਨ ਵਿੱਚ ਪਾਉਣ ਦੀ ਜਰੂਰਤ ਹੁੰਦੀ ਹੈ, ਜਿਸ ਲਈ ਦੇਸੀ ਰੂੜੀ, ਹਰੀ ਖਾਦ, ਸ਼ਹਿਰੀ ਕੰਪੋਸਟ, ਵਰਮੀ ਕੰਪੋਸਟ, ਪ੍ਰੈੈਸ-ਮੱਡ, ਫਸਲੀ ਰਹਿੰਦ-ਖੂਹੰਦ ਜਮੀਨ ਵਿੱਚ ਇਕਸਾਰ ਵਰਤਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਉੱਥੇ ਝਾੜ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ।
ਡਾ. ਸੈਣੀ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੀ ਖਾਦ ਤਿਆਰ ਕਰਨ ਲਈ ਸਣ, ਢੈਂਚਾ, ਰਵਾਂਹ ਜਾਂ ਮੂੰਗੀ ਦੀ ਕਾਸ਼ਤ ਕੀਤੀ ਜਾਵੇ ਅਤੇ ਮੂੰਗੀ ਦੀਆਂ ਫਲੀਆਂ ਕੱਢਣ ਉਪਰੰਤ ਬਾਕੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਹੀ ਵਾਹ ਕੇ ਨਾਈਟ੍ਰੋਜਨ ਤੱਤ ਦੀ ਮਾਤਰਾ ਜਮੀਨ ਵਿੱਚ ਇਕੱਤਰ ਕਰਕੇ ਯੂਰੀਆ ਅਤੇ ਡੀ.ਏ.ਪੀ ਦੀ ਕਾਫੀ ਬੱਚਤ ਕੀਤੀ ਜਾ ਸਕਦੀ ਹੈ। ਜਿਲ੍ਹਾਂ ਅੰਮ੍ਰਿਤਸਰ ਵਿੱਚ ਕਣਕ ਦੀ ਕਟਾਈ ਉਪਰੰਤ ਬਾਸਮਤੀ ਫਸਲ ਦੀ ਕਾਸ਼ਤ ਲਗਭਗ 1 ਲੱਖ ਹੈਕਟੇਅਰ ਤੇ ਕੀਤੀ ਜਾਂਦੀ ਹੈ। ਬਾਸਮਤੀ ਦੀ ਕਾਸ਼ਤ ਤੋਂ ਪਹਿਲਾਂ ਜੰਤਰ ਦੀ ਬਿਜਾਈ ਰਾਂਹੀ ਹਰੀ ਖਾਦ ਤਿਆਰ ਕਰਨ ਦਾ ਵੱਧੂ ਸਮਾਂ ਹੁੰਦਾ ਹੈ। ਇਸ ਲਈ ਜੇਕਰ ਬਾਸਮਤੀ ਦੀ ਕਾਸ਼ਤ ਤੋਂ ਪਹਿਲਾਂ ਹਰੀ ਖਾਦ ਖੇਤ ਵਿੱਚਵਾਹ ਦਿੱਤੀ ਜਾਵੇ ਤਾਂ ਬਾਸਮਤੀ ਦੀ ਫਸਲ ਨੂੰ ਯੂਰੀਆ ਖੱਦ ਪਾਉਣ ਦੀ ਜਰੂਰਤ ਨਹੀ ਪੈਂਦੀ ਹੈ। ਇਸੇ ਤਰਾਂ ਝੋਨੇ/ਬਾਸਮਤੀ ਦੀ ਕਾਸ਼ਤ ਤੋਂ ਪਹਿਲਾਂ ਖੇਤ ਨੂੰ ਲੇਜਰ ਲੈਵਲਰ ਨਾਲ ਪੱਧਰਾ ਕਰਵਾ ਕੇ 25-30% ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।






















