ਮਾਲਵਾ ਖੇਤਰ ਵਿੱਚ ਦੋ ਦਿਨ ਪਹਿਲਾਂ ਹੀ ਆਰੰਭ ਹੋਈ ਹਾੜੀ ਦੀ ਵਾਢੀ

ਮਾਨਸਾ, 6 ਅਪਰੈਲ( ਵਿਸ਼ਵ ਵਾਰਤਾ )-ਅੱਜ ਅਚਾਨਕ ਦੇਰ ਸ਼ਾਮ ਮੌਸਮ ਵਿਚ ਅਚਾਨਕ ਤਬਦੀਲੀ ਆਉਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਖੇਤਾਂ ਵਿਚ ਅੱਜਕੱਲ੍ਹ ਸਾਫ਼-ਸੁਥਰੇ ਮੌਸਮ ਦੀ ਲੋੜ ਸੀ,ਪਰ ਅਸਮਾਨ ਤੇ ਚੜ੍ਹੀਆਂ ਕਾਲੀਆਂ ਘਟਾਵਾਂ ਅਤੇ ਮੀਂਹ-ਝੱਖੜ ਨੇ ਕਿਸਾਨਾਂ ਨੂੰ ਸੋਚਾਂ ਵਿਚ ਡੋਬ ਧਰਿਆ ਹੈ।
ਕਿਸਾਨਾਂ ਦਾ ਕਹਿਣਾ ਕਿ ਹੁਣ ਮੌਸਮ ਉਸ ਵੇਲੇ ਬੇਈਮਾਨ ਹੋਇਆ,ਜਦੋਂ ਹਾੜੀ ਦੀ ਮੁੱਖ ਫ਼ਸਲ ਕਣਕ ਬਿਲਕੁਲ ਪੱਕਕੇ ਤਿਆਰ ਹੋਈ ਪਈ ਹੈ ਅਤੇ ਖੇਤਾਂ ਵਿਚ ਕਣਕ ਦੀ ਵਾਢੀ ਦਾ ਪੂਰਾ ਜ਼ੋਰ ਅਤੇ ਕੰਬਾਈਨਾਂ ਨਾਲ ਕਿਤੇ-ਕਿਤੇ ਵਾਢੀ ਆਰੰਭ ਹੋਣ ਦੇ ਦਿਨ ਨੇੜੇ ਆ ਗਏ ਹਨ। ਅੱਜ ਆਥਣ ਵੇਲੇ ਤੋਂ ਕਿਤੇ-ਕਿਤੇ ਪਏ ਹਲਕੇ ਮੀਂਹ, ਤੇਜ਼ ਹਨ੍ਹੇਰੀਆਂ ਨੇ ਖੇਤਾਂ ਵਿੱਚ ਕੰਬਾਇਨਾਂ ਚੱਲਣ ਕੰਮ ਰੋਕ ਦਿੱਤਾ ਅਤੇ ਖੇਤਾਂ ਵਿਚ ਕਿਸਾਨਾਂ ਦੀ ਹੱਥੀਂ ਵੱਢੀ ਪਈ ਕਣਕ ਨੂੰ ਮੌਸਮ ਨੇ ਖਿਲਾਰ ਸੁੱਟਿਆ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਇਸ ਵੇਲੇ ਮੌਸਮ ਵਿਚ ਦਿਨ ਸਮੇਂ ਚੰਗੀਆਂ ਧੁੱਪਾਂ ਲੱਗਣ ਦਾ ਵੇਲਾ ਅਤੇ ਰਾਤ ਸਮੇਂ ਵੀ ਮੌਸਮ ਦਾ ਸਾਫ਼ ਰਹਿਣਾ ਵੀ ਜ਼ਰੂਰੀ ਹੈ ਤਾਂ ਕਿ ਕਣਕ ਦੀ ਕਟਾਈ ਅਤੇ ਵਢਾਈ ਦਾ ਕਾਰਜ ਦਾ ਕੰਮ ਸਹੀ ਰੂਪ ਵਿਚ ਨੇਪਰੇ ਚੜ੍ਹ ਸਕੇ,ਪਰ ਇਸ ਮੌਸਮ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਡੋਬ ਧਰਿਆ ਹੈ।ਕਿਸਾਨਾਂ ਨੂੰ ਖਦਸ਼ਾ ਕਿ ਬੇਈਮਾਨ ਹੋਇਆ ਇਹ ਮੌਸਮ ਕਿਧਰੇ ਉਨ੍ਹਾਂ ਦੀਆਂ ਸੱਧਰਾਂ ਅਤੇ ਅਰਮਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਰੂਪੀ ਸਟਾਈਲ ਵਿਚ ਹੀ ਨਾ ਮਧੌਲ ਸੁੱਟੇ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਅਗਲੇ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਵਾਸਤੇ ਨਾ ਸਪਰੇਅ ਕਰਨ ਅਤੇ ਨਾ ਹੀ ਪਾਣੀ ਲਾਉਣ ਦਾ ਸੁਝਾਅ ਦਿੱਤਾ ਹੈ,ਜਦੋਂ ਕਿ ਕੱਟੀਆਂ ਹੋਈਆਂ ਫ਼ਲੀਦਾਰ ਫ਼ਸਲਾਂ ਨੂੰ ਸੁਰੱਖਿਅਤ ਥਾਂ ਉਤੇ ਰੱਖਣ ਦੀ ਸਲਾਹ ਦਿੱਤੀ ਹੈ।






















