ਪੁਲੀਸ ਵੱਲੋਂ ਕਤਲ ਕੇਸ ਨੂੰ ਰੋਡ ਐਕਸੀਡੈਂਟ ‘ਚ ਤਬਦੀਲ ਕਰਨ ਦਾ ਮਾਮਲਾ
ਮਿ੍ਰਤਕ ਨੌਜਵਾਨ ਦੇ ਬਜੁਰਗ ਬਾਪ ਨੇ ਕੀਤੀ ਕਮਿਸ਼ਨ ਦੇ ਨਾਲ ਮੀਟਿੰਗ
ਜ਼ੁਰਮ ‘ਚ ਵਾਧਾ ਕਰਨ ਲਈ ਕੀਤੀ ‘ਫਰਿਆਦ’

ਅੰਮ੍ਰਿਤਸਰ, 6, ਅਪ੍ਰੈਲ (ਵਿਸ਼ਵ ਵਾਰਤਾ) ਮਿ੍ਰਤਕ ਕੁਲਵਿੰਦਰ ਸਿੰਘ ਵਾਸੀ ਗੁਰੂਵਾਲੀ ਥਾਣਾ ਚਾਟੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਬਜੁਰਗ ਪਿਤਾ ਸ੍ਰ ਜੋਗਿੰਦਰ ਸਿੰਘ ਪੁੱਤਰ ਰੂੜ ਸਿੰਘ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਉਪਰੰਤ ਦਿੱਤੀ ਸ਼ਿਕਾਇਤ’ਚ ਪੁਲੀਸ ਵੱਲੋਂ ਸੁਣਵਾਈ ਨਾ ਕਰਨ ਦਾ ਮੁੱਦਾ ਉਠਾਇਆ ਹੈ। ਸ੍ਰ ਜੋਗਿੰਦਰ ਸਿੰਘ ਨੇ ਅੱਜ ਇਥੇ ਡਾ ਸਿਆਲਕਾ ਦੇ ਨਾਲ ਮੁਲਾਕਾਤ ਕੀਤੀ ਅਤੇ ਥਾਣਾ ਬੀ ਡਵੀਜਨ ਵਿਖੇ ਸੜਕ ਦੁਰਘਟਨਾ ਦੀਆਂ ਧਰਾਂਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤੀ ਐਫ ਆਈ ਆਰ ਦੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਮੇਰੇ ਪੁੱਤ ਦਾ ਕਤਲ ਹੋਇਆ ਹੈ ਨਾ ਕਿ ਐਕਸੀਡੈਂਟ। ਸ਼ਿਕਾਇਤ ਕਰਤਾ ਧਿਰ ਤੋਂ ਸ਼ਿਕਾਇਤ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਬਜੁਰਗ ਜੋਗਿੰਦਰ ਸਿੰਘ ਨੇ ਕਮਿਸ਼ਨ ਦੇ ਨੋਟਿਸ ‘ਚ ਲਿਆਂਦਾ ਹੈ ਕਿ ਉਸ ਦੇ 23 ਸਾਲਾ ਬੇਟੇ ਕੁਲਵਿੰਦਰ ਸਿੰਘ ਨੂੰ ਤਿੰਨ ਵਿਅਕਤੀਆਂ ਨੇ ਰੋਡ ਐਕਸੀਡੈਂਟ ਦਾ ਸ਼ਿਕਾਰ ਬਣਾਇਆ ਹੈ, ਫਿਰ ਉਸ ਤੇ ਹਮਲਾ ਕਰਕੇ ਉਸ ਦੇ ਗੰਭੀਰ ਸੱਟਾਂ ਲਗਾਈਆਂ ਸਨ।ਤਿੰਨ ਹਸਪਤਾਲਾ ‘ਚ ਇਲਾਜ ਕਰਵਾਉਂਣ ਦੇ ਬਾਵਜੂਦ ਵੀ ਕੁਲਵਿੰਦਰ ਸਿੰਘ ਦੀ ਜਾਨ ਨਹੀਂ ਬਚ ਸਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਬੀ ਡਵੀਜਨ ਥਾਣਾ ਦੀ ਪੁਲੀਸ ਪਾਰਟੀ ਅਤੇ ਤਫਤੀਸ਼ੀ ਅਫਸਰ ਨੇ ਦੋਸ਼ੀਆਂ ਦਾ ਪੱਖ ਪੂਰਦਿਆਂ ਮਿ੍ਰਤਕ ਦੇ ਪਿਤਾ ਵਲੋਂ ਦਿੱਤੇ ਗਏ ਬਿਆਨਾ ਦੇ ਅਧਾਰ ਤੇ ਮੁਕੱਦਮਾ ਦਰਜ ਨਾ ਕਰਕੇ ਆਪਣੀ ਮਨਮਰਜੀ ਦੇ ਨਾਲ ਅਣਪਛਾਤੇ ਵਿਅਕਤੀਆਂ ਖਿਲਾਫ 304 ਏ ਦੀ ਧਾਰਾ ਤਹਿਤ ਮੁਕਦਮਾ ਦਰਜ ਕਰਕੇ ਦਲਿਤ ਮਿ੍ਰਤਕ ਲੜਕੇ ਦੇ ਮਾਪਿਆਂ ਦੇ ਨਾਲ ਪੱਖਪਾਤ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ। ਕਮਿਸ਼ਨ ਸੰਭਾਵਿਤ ਦਖਲ ਦਿੰਦਿਆਂ ਜੋਗਿੰਦਰ ਸਿੰਘ ਦੇ ਬਿਆਨਾ ਦੇ ਅਧਾਰਿਤ ਜ਼ੁਰਮ ‘ਚ ਵਾਧਾ ਕਰਾਉਂਣ ਲਈ ਅਗਲੇਰੀ ਕਾਰਵਾਈ ਨੂੰ ਅਮਲ ‘ਚ ਲਿਆਵੇਗਾ।
ਉਨ੍ਹਾ ਨੇ ਦੱਸਿਆ ਕਿ ਮੁਲਾਹਜ਼ਾ ਰਿਪੋਰਟ ‘ਚ ਗੰਭੀਰ ਸੱਟਾਂ ਦੀ ਪੁਸ਼ਟੀ ਹੋਈ ਹੈ, ਪਰ ਪੁਲੀਸ ਦੀ ਪੱਖਪਾਤੀ ਭੂਮਿਕਾ ਨੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰ ਦਿੱਤੇ ਹਨ।ਇੱਕ ਸਵਾਲ ਦੇ ਜਵਾਬ ‘ਚ ਡਾ ਸਿਆਲਕਾ ਨੇ ਕਿਹਾ ਕਿ ਕਮਿਸ਼ਨ ਸਾਰੇ ਪੱਖਾਂ ਨੂੰ ਖੰਘਾਲੇਗਾ।ਇਸ ਮੌਕੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਚੇਅਰਮੇਨ ਅਵਤਾਰ ਸਿੰਘ ਦੱਖਣੀ, ਰਿੰਕੂ ਸ਼੍ਰ ਜੋਗਿੰਦਰ ਸਿੰਘ ਆਦਿ ਹਾਜਰ ਸਨ।






















