ਕਣਕ ਆਉਣ ਤੋ ਪਹਿਲਾ ਅਨਾਜ ਮੰਡੀਆਂ ਨੂੰ ਸਾਫ ਸਫਾਈ ਦੇ ਨਾਲ ਨਾਲ ਕੀਤਾ ਜਾ ਰਿਹਾ ਹੈ ਸੈਨੈਟਾਈਜ਼-ਚੇਅਰਮੈਨ ਮਾਰਕੀਟ ਕਮੇਟੀ
ਮੰਡੀਆਂ ਵਿਚ ਕੀਤੇ ਜਾ ਰਹੇ ਹਨ ਪੁਖਤਾ ਪ੍ਰਬੰਧ- ਸਕੱਤਰ ਮਾਰਕੀਟ ਕਮੇਟੀ
ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ-

ਅੰਮ੍ਰਿਤਸਰ, 06 ਅਪ੍ਰੈਲ ( ਵਿਸ਼ਵ ਵਾਰਤਾ )-ਪੰਜਾਬ ਸਰਕਾਰ ਵਲੋਂ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸੁਰੂ ਕੀਤੀ ਜਾ ਰਹੀ ਹੈ ਇਸਦੇ ਲਈ ਅਨਾਜ ਮੰਡੀਆ ਨੂੰ ਸਾਫ ਸਫਾਈ ਦੇ ਨਾਲ ਨਾਲ ਸੈਨੇਟਾਈਜ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਕਸ਼ਮੀਰ ਸਿੰਘ ਖਿਆਲਾ ਚੇਅਰਮੈਨ ਮਾਰਕੀਟ ਕਮੇਟੀ ਤਹਿਸੀਲ ਚੋਗਾਵਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਤਹਿਸੀਲ ਚੋਗਾਵਾਂ ਅਧੀਨ ਸਾਰੀਆਂ 13 ਮੰਡੀਆਂ ਵਿੱਚ ਸਫਾਈ,ਰੋਸ਼ਨੀ,ਪੀਣ ਵਾਲਾ ਪਾਣੀ, ਪਾਖਾਨੇ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਮੰਡੀ ਵਿਚ ਦਾਖਲ ਹੋਣ ਸਮੇ ਕਿਸਾਨਾਂ ਨੂੰ ਮਾਸਕ ਦੀ ਵਰਤੋ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਸ: ਖਿਆਲਾ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਢੱਕਣ ਲਈ ਤਰਪਾਲਾ, ਸੈਂਡ ਅਤੇ ਹੋਰ ਵਿਵਸਥਾ ਵੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਰ ਕਿਸਾਨ ਨੂੰ ਆਪਣੀ ਫਸਲ ਲੇੈ ਕੇ ਆਉਣ ਤੋਂ 72 ਘੰਟੇ ਪਹਿਲਾਂ ਪਾਸ ਜਾਰੀ ਕੀਤਾ ਜਾਵੇਗਾ, ਕਿਸਾਨ ਜਦੋਂ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਉਣਗੇ ਤਾਂ ਉਥੇ 30-30 ਫੁੱਟ ਦੇ ਬਾਕਸ ਉਹਨਾਂ ਨੂੰ ਆਪਣੀ ਫਸਲ ਰੱਖਣ ਲਈ ਦਿੱਤੇ ਜਾਣਗੇ ਜਿਹਨਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਖਿਆਲਾ, ਰਾਜਾਸਾਂਸੀ ਅਤੇ ਹਰਸ਼ਾ ਛੀਨਾ ਅਨਾਜ ਮੰਡੀ ਨੂੰ ਅੱਜ ਸੈਨੇਟਾਈਜ ਕੀਤਾ ਜਾ ਰਿਹਾ ਹੈ ਅਤੇ ਬਾਕੀ ਮੰਡੀਆ ਨੂੰ ਵੀ ਦੋ ਦਿਨ ਤੱਕ ਸੈਨੀਟਾਈਜ਼ ਕਰ ਦਿੱਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਆਉਣ ਤੋਂ ਪਹਿਲਾਂ ਸਿਹਤ ਵਿਭਾਗ ਵਲੋ ਜਾਰੀ ਸਾਰੀਆਂ ਜਰੂਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿ ਕਿਸਾਨਾਂ/ਮਜਦੂਰਾ ਨੂੰ ਬੇਲੋੜੀ ਖੱਜਲ ਖੁਆਰੀ ਅਤੇ ਕਰੋਨਾ ਦੀ ਮਹਾਂਮਾਰੀ ਤੋਂ ਵੀ ਬਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਚੁੱਕਣ ਦਾ ਵਾਅਦਾ ਕੀਤਾ ਹੈ ਅਤੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਚੇਅਰਮੈਨ ਮਾਰਕੀਟ ਕਮੇਟੀ ਨੇ ਕਿਹਾ ਕਿ ਕੈਬਿਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਵੀ ਇਲਾਕੇ ਵਿੱਚ ਕਣਕ ਦੀ ਖਰੀਦ ਲਈ ਕੀਤੇ ਢੁਕਵੇਂ ਪ੍ਰਬੰਧਾਂ ਤੇ ਨਜਰਸਾਨੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਲੋੜੀਦੀਆਂ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਕੱਤਰ ਮਾਰਕੀਟ ਕਮੇਟੀ ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਮਾਰਕੀਟ ਕਮੇਟੀ ਅਧੀਨ ਸਾਰੀਆਂ 13 ਅਨਾਜ ਮੰਡੀਆਂ ਨੂੰ 10 ਅ੍ਰਪ੍ਰੈਲ ਤੋਂ ਪਹਿਲਾਂ ਕਿਸਾਨਾਂ ਦੀ ਫਸਲ ਦੀ ਆਮਦ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ, ਆੜਤੀਆਂ, ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਮਾਸਕ ਪਾ ਕੇ ਆਉਣ, ਸਮਾਜਿਕ ਦੂਰੀ ਅਤੇ ਵਾਰ ਵਾਰ ਹੱਥ ਧੋਣ ਦੇ ਨਾਲ ਨਾਲ ਸੈਨੇਟਾਈਜਰ ਦੀ ਵਰਤੋ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਸੀ ਆਪ ਸੁਰੱਖਿਅਤ ਹੋ ਤਾਂ ਹੀ ਦੂਜਾ ਸੁਰੱਖਿਅਤ ਹੈ।






















