ਖਾਲਸਾ ਕਾਲਜ ਮਾਹਿਲਪੁਰ ਵਿੱਚ ਫੁੱਟਬਾਲ ਕੋਚਿੰਗ ਦੀ ਤਕਨੀਕ ਅਤੇ ਨੀਤੀਆਂ ਸਬੰਧੀ ਸੱਤ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ

ਹੁਸ਼ਿਆਰਪੁਰ 6 ਅਪਰੈਲ ( ਵਿਸ਼ਵ ਵਾਰਤਾ ) ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਿ੍ਰੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ‘ਫੁੱਟਬਾਲ ਕੋਚਿੰਗ; ਤਕਨੀਕ ਅਤੇ ਨੀਤੀਆਂ ’ ਵਿਸ਼ੇ ‘ਤੇ ਸੱਤ ਰੋਜ਼ਾ ਨੈਸ਼ਨਲ ਵਰਕਸ਼ਾਪ ਸ਼ੁਰੂ ਹੋ ਗਈ। ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਫੁੱਟਬਾਲ ਦੇ ਅਰਜਨ ਐਵਾਰਡੀ ਖਿਡਾਰੀ ਗੁਰਦੇਵ ਸਿੰਘ ਗਿੱਲ ਹਾਜ਼ਰ ਹੋਏ ਜਦਕਿ ਸਮਾਰੋਹ ਦੀ ਪ੍ਰਧਾਨਗੀ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕੀਤੀ। ਇਸ ਮੌਕੇ ਸਵਾਗਤੀ ਸ਼ਬਦਾਂ ਦੌਰਾਨ ਪਿ੍ਰੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਅਜਿਹੀ ਵਰਕਸ਼ਾਪ ਦੁਆਰਾ ਫੁੱਟਬਾਲ ਕੋਚਿੰਗ ਦੇ ਸਿਧਾਂਤਾਂ ਅਤੇ ਇਸ ਖੇਡ ਦੇ ਪ੍ਰੈਕਟੀਕਲ ਖੇਤਰ ਬਾਰੇ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ। ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੱਤ ਰੋਜ਼ਾ ਵਰਕਸ਼ਾਪ ਫੁੱਟਬਾਲ ਦੀ ਕੋਚਿੰਗ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਵਾਲੀ ਸਿੱਧ ਹੋਵੇਗੀ। ਉਨ੍ਹਾਂ ਹਾਜ਼ਰ ਕੋਚਾਂ ਅਤੇ ਖਿਡਾਰੀਆਂ ਨੂੰ ਨਿਰਪੱਖਤਾ ਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਪਹਿਲੇ ਤਕਨੀਕੀ ਸੈਸ਼ਨ ਵਿੱਚ ਅਰਜਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਨੇ ਆਪਣੇ ਖੇਡ ਤਜਰਬੇ ਸਾਂਝੇ ਕੀਤੇ। ਉਨ੍ਹਾਂ ਖਿਡਾਰੀਆਂ ਨੂੰ ਫੁੱਟਬਾਲ ਦੀ ਕੋਚਿੰਗ ਲਈ ਅਨੁਸ਼ਾਸਨ, ਮਿਹਨਤ ਅਤੇ ਦਿ੍ਰੜ ਇਰਾਦੇ ਨਾਲ ਇਸ ਖੇਡ ਨੂੰ ਸਮਰਪਿਤ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਮੁੱਖ ਬੁਲਾਰੇ ਵੱਜੋਂ ਹਾਜ਼ਰ ਧਿਆਨ ਚੰਦ ਐਵਾਰਡੀ ਫੁੱਟਬਾਲ ਖਿਡਾਰੀ ਸੁਖਵਿੰਦਰ ਸਿੰਘ ਨੇ ਵਰਕਸ਼ਾਪ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਡਣ ਦੇ ਨਾਲ ਨਾਲ ਕੋਚਿੰਗ ਦੇਣਾ ਸਭ ਤੋਂ ਚੁਣੌਤੀਪੂਰਨ ਕਾਰਜ ਹੁੰਦਾ ਹੈ ਜਿਸਦੇ ਲਈ ਖਿਡਾਰੀ ਕੋਚਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਸਭ ਤੋਂ ਜ਼ਰੂਰੀ ਹੁੰਦੀ ਹੈ। ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਕਾਲਜ ਦੇ ਖੇਡ ਮੈਦਾਨ ਵਿੱਚ ਖਿਡਾਰੀਆਂ ਨਾਲ ਫੁੱਟਬਾਲ ਦੀ ਖੇਡ ਅਤੇ ਕੋਚਿੰਗ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਉਨ੍ਹਾਂ ਵਿਸ਼ਵ ਦੀਆਂ ਤਾਜ਼ਾ ਫੁੱਟਬਾਲ ਖੇਡ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵਰਕਸ਼ਾਪ ਵਿੱਚ ਹਾਜ਼ਰ ਕੋਚਾਂ ਅਤੇ ਖਿਡਾਰੀ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮੰਚ ਸੰਚਾਲਨ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ ਰਾਜ ਕੁਮਾਰ ਨੇ ਕੀਤਾ। ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ, ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਪਿ੍ਰੰ ਰੋਹਤਾਂਸ਼, ਪਿ੍ਰੰ ਜਗਮੋਹਨ ਸਿੰਘ, ਜੇਸੀਟੀ ਦੇ ਸਾਬਕਾ ਖਿਡਾਰੀ ਕੁਲਦੀਪ ਸਿੰਘ, ਪ੍ਰੋ ਜਤਿੰਦਰ ਕੁਮਾਰ, ਪ੍ਰੋ ਪਰਮਪ੍ਰੀਤ ਕੈਂਡੋਵਾਲ, ਆਈਐੱਸਐੱਲ ਖਿਡਾਰੀ ਅਰਸ਼ਦੀਪ ਸਿੰਘ, ਹਰਦੀਪ ਗਿੱਲ, ਪ੍ਰੋ ਗੁਰਜੀਤ ਸਿੰਘ, ਪ੍ਰੋ ਰਜਿੰਦਰ ਪ੍ਰਸਾਦ, ਤਕਨੀਸ਼ੀਅਨ ਸਰਬਜੀਤ ਸਿੰਘ ਆਦਿ ਸਮੇਤ ਵੱਖ ਵੱਖ ਕਾਲਜਾਂ ਤੋਂ ਫੁੱਟਬਾਲ ਦੇ ਖਿਡਾਰੀ ਅਤੇ ਕੋਚ ਹਾਜ਼ਰ ਸਨ।






















