ਬਿਜਲੀ ਦੀਆਂ ਵਧੀਆਂ ਕੀਮਤਾਂ ਸਬੰਧੀ ਆਪ ਕਰੇਗੀ 7 ਅਪ੍ਰੈਲ ਤੋਂ ਬਿਜਲੀ ਅੰਦੋਲਨ – ਪ੍ਰਿੰਸੀਪਲ ਬੁੱਧ ਰਾਮ

ਬੁਢਲਾਡਾ 5 ਅਪ੍ਰੈਲ (ਵਿਸ਼ਵ ਵਾਰਤਾ ) : ਬਿਜਲੀ ਦੇ ਵਧੇ ਰੇਟਾਂ ਸੰਬੰਧੀ ਆਮ ਆਦਮੀ ਪਾਰਟੀ ਵੱਲੋਂ 7 ਅਪ੍ਰੈਲ ਤੋਂ ਪੰਜਾਬ ਵਿਚ ਬਿਜਲੀ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਹਲਕਾ ਬੁਢਲਾਡਾ ਦੇ ਬਲਾਕ ਪ੍ਰਧਾਨਾਂ, ਸਰਕਲ ਇੰਚਾਰਜਾਂ ਅਤੇ ਵਰਕਰਾਂ ਦੀ ਮੀਟਿੰਗ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਬੁੱਧਰਾਮ ਅਤੇ ਜ਼ਿਲ੍ਹਾ ਇੰਚਾਰਜ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਰੇਟ ਪ੍ਰਤੀ ਯੂਨੀਟ ਦੂਸਰੇ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਹੈ । ਉਨ੍ਹਾਂ ਕਿਹਾ ਕਿ ਬਿਜਲੀ ਕੰਪਨੀਆਂ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਜੋ ਸਮਝੌਤੇ ਕੀਤੇ ਹਨ ਉਨ੍ਹਾਂ ਨੇ ਪੰਜਾਬ ਦੇ ਖਜਾਨੇ ਦਾ ਧੂੰਆਂ ਕੱਢ ਰੱਖਿਆ ਹੈ। ਉਨ੍ਹਾਂ ਕਿਹਾ ਕਿ 5400 ਕਰੋੜ ਰੁਪਏ ਬਿਨਾਂ ਇੱਕ ਵੀ ਯੂਨਿਟ ਖ਼ਰੀਦੀਆਂ ਕੰਪਨੀਆਂ ਨੂੰ ਹੁਣ ਤੱਕ ਦੇ ਦਿੱਤਾ ਹੈ। 2800 ਕਰੋੜ ਕੋਲੇ ਦੀ ਧੁਲਾਈ ਦਾ ਅਤੇ 700 ਕਰੋੜ ਪ੍ਰਾਈਵੇਟ ਕੋਲਾ ਖਰੀਦਣ ਦਾ ਦਿੱਤਾ ਗਿਆ ਹੈ ਅਤੇ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਬਿਜਲੀ ਕੰਪਨੀਆਂ ਦੇ ਦੇਣੇ ਹਨ ਜੋ ਕਿ 25 ਸਾਲਾਂ ਵਿੱਚ 88 ਹਜ਼ਾਰ ਕਰੋੜ ਰੁਪਏ ਬਣਦੇ ਹਨ। ਇਨ੍ਹਾਂ ਸਮਝੌਤਿਆਂ ਵਿਚ ਕੀ ਕਾਰਨ ਹਨ ਉਹ ਸਭ ਨੂੰ ਪਤਾ ਹੈ ਉਹ ਹੈ ਮੋਟਾ ਕਮਿਸ਼ਨ। ਉਨ੍ਹਾਂ ਕਿਹਾ ਕਿ ਜੇ ਦਿੱਲੀ ਵਿੱਚ ਵੀ ਕੇਜਰੀਵਾਲ ਸਰਕਾਰ ਨੇ ਕੰਪਨੀਆਂ ਦੇ ਸਮਝੌਤੇ ਰੱਦ ਕਰਕੇ ਬਿਜਲੀ 72 ਫ਼ੀਸਦੀ ਘਰਾਂ ਨੂੰ ਮੁਫਤ ਕਰ ਦਿੱਤੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅਗਲੇ ਸਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਦਿੱਲੀ ਸਰਕਾਰ ਵਾਂਗ ਬਿਜਲੀ ਮੁਫ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਤੇਜ਼ ਕਰਨ ਲਈ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਪੱਧਰੀ ਧਰਨੇ ਲਗਾਏ ਜਾਣਗੇ ਅਤੇ ਉਸ ਤੋਂ ਬਾਅਦ ਹਲਕਾ ਪੱਧਰ ਤੇ ਵੱਡੀਆਂ ਮੀਟਿੰਗਾਂ ਕਰਕੇ ਬਿਜਲੀ ਦੇ ਬਿੱਲ ਸਾੜੇ ਜਾਣਗੇ। ਉਨ੍ਹਾਂ ਕਿਹਾ ਕਿ ਤੀਜੇ ਪੜਾਅ ਵਿੱਚ ਪਿੰਡ ਪਿੰਡ ਬਿਲ ਸਾੜ ਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਪੰਜਾਬ ਦੇ ਲੋਕ ਕੈਪਟਨ ਖ਼ਿਲਾਫ਼ ਵੋਟਾਂ ਪਾ ਕੇ ਆਪਣਾ ਬਦਲਾ ਲੈਣਗੇ। ਇਸ ਮੌਕੇ ਹਰਵਿੰਦਰ ਸੇਖੋਂ, ਬਿੱਕਰ ਸਿੰਘ, ਹਰਜੀਵਨ ਸਿੰਘ ਅਤੇ ਚਮਕੌਰ ਸਿੰਘ ਤੋਂ ਇਲਾਵਾ ਨੈਬ ਸਿੰਘ, ਕਾਲਾ ਸਿੰਘ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਡਾ ਹਰਕੇਸ਼ ਸਿੰਘ, ਡਾ ਜੋਗਿੰਦਰ ਸਿੰਘ, ਜੁਗਰਾਜ ਸਿੰਘ, ਕੇਵਲ ਸ਼ਰਮਾ, ਅਸ਼ੋਕ ਕੁਮਾਰ, ਕੁਲਵਿੰਦਰ ਸਿੰਘ, ਹਰਜੀਤ ਸਿੰਘ ਪੰਚ, ਸੰਦੀਪ ਸਿੰਘ, ਜਸਪਾਲ ਸਿੰਘ, ਸਤੀਸ਼ ਸ਼ਰਮਾ, ਹਰਜਿੰਦਰ ਦਿਆਲਪੁਰਾ, ਬਲਜਿੰਦਰ ਸਿੰਘ ਆਦਿ ਸ਼ਾਮਲ ਹੋਏ।






















