ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਨੇ ਐਫ ਸੀ ਆਈ ਦਫ਼ਤਰ ਬੁਢਲਾਡਾ ਦਾ ਕੀਤਾ ਮੁਕੰਮਲ ਘਿਰਾਓ
ਕਰੀਬ ਪੰਜ ਘੰਟੇ ਦਿੱਤਾ ਰੋਸ ਧਰਨਾ

ਬੁਢਲਾਡਾ – 5 ਅਪ੍ਰੈਲ – (ਵਿਸ਼ਵ ਵਾਰਤਾ ) – ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ( ਐਫ ਸੀ ਆਈ ) ਨੂੰ ਬਚਾਉਣ ਲਈ ਦੇਸ਼ ਭਰ ਵਿੱਚ ਦਿੱਤੇ ਐਫ ਸੀ ਆਈ ਦਫ਼ਤਰਾਂ ਦੇ ਘਿਰਾਓ ਤਹਿਤ ਸਥਾਨਕ ਦਫ਼ਤਰ ਨੂੰ ਘੇਰਕੇ ਰੋਸ ਧਰਨਾ ਦਿੱਤਾ। ਧਰਨਾਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਐਫ ਸੀ ਆਈ ਨੂੰ ਤੋੜਨ ਦਾ ਫੈਸਲਾ ਰੱਦ ਕੀਤਾ ਜਾਵੇ ਅਤੇ ਕਣਕ ਦੀ ਖਰੀਦ ਵਿੱਚ ਬਾਰਦਾਨੇ ਦੀ ਘਾਟ ਨੂੰ ਪੂਰਾ ਕੀਤਾ ਜਾਵੇ।
ਇੱਥੋਂ ਦੇ ਐਫ ਸੀ ਆਈ ਦਫ਼ਤਰ ਵਿਖੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜਿਲ੍ਹਾ ਪ੍ਰਧਾਨ ਮਹਿੰਦਰਾ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਮਾ. ਦਰਸ਼ਨ ਸਿੰਘ ਟਾਹਲੀਆਂ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਗੁਰਨੇ ਕਲਾਂ ਅਤੇ ਪੱਲੇਦਾਰ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਬੀਰਬਲ ਸਿੰਘ ਮਾਣਕ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਐਫ ਸੀ ਆਈ ਨੂੰ ਤੋੜਨ ਦੇ ਮਨਸੂਬੇ ਘੜ ਰਹੀ ਹੈ। ਸਰਕਾਰ ਦੀ ਸਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਨੇ ਸਪੱਸ਼ਟ ਕਰ ਦਿੱਤਾ ਅਤੇ ਅਨਾਜ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਆਪਣਾ ਹੱਥ ਪਿੱਛੇ ਖਿੱਚਣਾ ਚਾਹੁੰਦੀ ਹੈ ਅਤੇ ਗਿਣੀ – ਮਿਥੀ ਸਾਜਿਸ਼ ਤਹਿਤ ਦੇਸ਼ ਦੀ ਜਨਤਕ ਸੰਪਤੀ ਅਤੇ ਅਨਾਜ ਦੇ ਕਾਰੋਬਾਰ ‘ਤੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਸੌਪਣਾ ਚਾਹੁੰਦੀ ਹੈ ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਤ ਦਿਨ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਮੋਦੀ ਦੇ ਸ਼ਾਸਨ ਵਿੱਚ ਕਿਸਾਨ , ਮਜਦੂਰ , ਵਪਾਰੀ ਆਦਿ ਵਰਗਾਂ ਦੇ ਲੋਕ ਡਾਢੇ ਦੁੱਖੀ ਹਨ। ਦੇਸ਼ ਦੇ ਕਿਸਾਨ ਅੰਦੋਲਨ ਨੂੰ ਭਾਰਤ ਵਾਸੀ ਸੰਜੀਵਨੀ ਬੂਟੀ ਵਾਂਗ ਲੈ ਰਹੇ ਹਨ। ਇਸ ਕਰਕੇ ਸਾਰੇ ਵਰਗਾਂ ਦੇ ਲੋਕ ਕਿਸਾਨ ਅੰਦੋਲਨ ਨਾਲ ਚੱਟਾਨ ਵਾਂਗ ਖੜੇ ਹਨ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਹਾੜੀ ਦੇ ਸੀਜ਼ਨ ਦੀ ਸਾਂਭ-ਸੰਭਾਲ ਤੋਂ ਬਾਅਦ ਅੰਦੋਲਨ ਹੋਰ ਤਿੱਖਾ ਹੋਵੇਗਾ ।






















