ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਹਰ ਪਿੰਡ ਵਿਚ 400 ਪੌਦੇ ਲਾਉਣ ਦੀ ਤਜ਼ਵੀਜ਼-ਭੁੱਲਰ
‘ਸਮਾਰਟ ਵਿਲੇਜ਼’ ਯੋਜਨਾ ਤਹਿਤ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ

ਕਪੂਰਥਲਾ, 3 ਅਪ੍ਰੈਲ(ਵਿਸ਼ਵ ਵਾਰਤਾ)ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਸਬੰਧੀ ਹਰ ਪਿੰਡ ਅੰਦਰ 400 ਪੌਦੇ ਲਾਉਣ ਦੀ ਤਜ਼ਵੀਜ਼ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਸਬੰਧੀ ਲਗਾਏ ਗਏ ਪੌਦਿਆਂ ਦੀ ਤਰਜ਼ ’ਤੇ ਹੀ ਲਗਾਏ ਤੇ ਸਾਂਭੇ ਜਾਣਗੇ।
ਅੱਜ ਬੀ.ਡੀ.ਪੀ.ਓ. ਕਪੂਰਥਲਾ ਅਮਰਜੀਤ ਸਿੰਘ ਦੇ ਨਾਲ ਹਲਕੇ ਦੇ ਪਿੰਡਾਂ ਧਾਲੀਵਾਲ ਦੋਨਾ, ਵਡਾਲਾ ਕਲਾਂ ਤੇ ਢੈਪਈ ਵਿਖੇ ‘ਸਮਾਰਟ ਵਿਲੇਜ਼’ ਯੋਜਨਾ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਸ਼ਹਿਰਾਂ ਵਾਂਗ 100 ਫੀਸਦੀ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੀਵਰੇਜ਼, ਪੀਣ ਵਾਲਾ ਸਾਫ ਪਾਣੀ , ਕੰਕਰੀਟ ਦੀਆਂ ਗਲੀਆਂ ਤੋਂ ਇਲਾਵਾ ਪਾਰਕ, ਓਪਨ ਏਅਰ ਜਿੰਮ ਤੇ ਹਰ ਬਲਾਕ ਅੰਦਰ 5-5 ਖੇਡ ਸਟੇਡੀਅਮ ਉਸਾਰੇ ਜਾਣ ਦੇ ਕੰਮ ਜੰਗੀ ਪੱਧਰ ’ਤੇ ਜਾਰੀ ਹਨ।
ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਤੇ ਗੁਣਵੱਤਾ ਬਰਕਰਾਰ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਵਿਭਾਗੀ ਅਧਿਕਾਰੀਆਂ ਬੀ.ਡੀ.ਪੀ.ਓਜ਼, ਪੰਚਾਇਤ ਸਕੱਤਰਾਂ, ਏ.ਪੀ.ਓਜ਼ ਵਲੋਂ ਪਿੰਡਾਂ ਦਾ ਲਗਾਤਾਰ ਦੌਰਾ ਕਰਨ ਦੇ ਨਾਲ-ਨਾਲ ਸਰਪੰਚਾਂ-ਪੰਚਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਵੱਲ ਵਧੇਰੇ ਤਵੱਜ਼ੋਂ ਦੇਣ ਬਾਰੇ ਕਿਹਾ ਕਿ ਪਿੰਡਾਂ ਦੇ ਲੋਕ ਮਨਰੇਗਾ ਤਹਿਤ ਅਗਾਮੀ ਗਰਮੀ ਦੇ ਸੀਜ਼ਨ ਦੌਰਾਨ ਬੂਟਿਆਂ ਨੂੰ ਪਾਣੀ, ਛੰਗਾਈ ਆਦਿ ਯਕੀਨੀ ਬਣਾਉਣ ਤਾਂ ਜੋ ਗੁਰੂ ਸਾਹਿਬ ਵਲੋਂ ਵਾਤਾਵਰਣ ਸੰਭਾਲ ਲਈ ਦਿੱਤੇ ਸੰਦੇਸ਼ ਵਿਚ ਆਪਣਾ ਯੋਗਦਾਨ ਦਿੱਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਬੂਟੇ ਸਹੀ ਵਿਕਾਸ ਨਹੀਂ ਕਰ ਸਕੇ ਉੱਥੇ ਨਵੇਂ ਪੌਦੇ ਲਗਾਏ ਜਾਣ। ਇਸ ਮੌਕੇ ਮਨਰੇਗਾ ਦੇ ਜਿਲ੍ਹਾ ਆਈ.ਟੀ. ਮੈਨੇਜ਼ਰ ਰਾਜੇਸ਼ ਰਾਏ, ਏ.ਪੀ.ਓ. ਵਿਸ਼ਾਲ ਅਰੋੜਾ ਵੀ ਹਾਜ਼ਰ ਸਨ।
ਕੈਪਸ਼ਨ-ਕਪੂਰਥਲਾ ਵਿਖੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਦਾ ਜਾਇਜ਼ਾ ਲੈਣ ਮੌਕੇ ਅਵਤਾਰ ਸਿੰਘ ਭੁੱਲਰ , ਸੰਯੁਕਤ ਡਾਇਰੈਕਟਰ, ਬੀ.ਡੀ.ਪੀ.ਓ. ਅਮਰਜੀਤ ਸਿੰਘ।






















