ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਸਰਕਾਰ ਖਿਲਾਫ਼ ਮੈਦਾਨ ’ਚ ਨਿੱਤਰੀ

ਮਾਨਸਾ, 30 ਮਾਰਚ (ਵਿਸ਼ਵ ਵਾਰਤਾ)-ਦਿ ਮਾਨਸਾ ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਨੇ ਕਿਹਾ ਕਿ ਆਉਣ ਵਾਲੇ ਨਵੇਂ ਸਾਲ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ, ਪੰਜਾਬ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਲੋਕਾਂ ਨੂੰ ਭਰਮਾਉਣ ਵਾਸਤੇ ਅਜਿਹੇ ਫੈਸਲੇ ਲਏ ਜਾ ਰਹੇ ਹਨ ਜੋ ਨਾ ਕੇਵਲ ਕਾਮਯਾਬੀ ਨਾਲ ਚੱਲ ਰਹੇ ਅਦਾਰਿਆ ਦੀ ਹੋਂਦ ਨੂੰ ਖਤਮ ਕਰਕੇ ਰੱਖ ਦੇਣਗੇ, ਇਸ ਤੋਂ ਇਲਾਵਾ ਆਮ ਜਨਤਾ ਦੇ ਚੱਲ ਰਹੇ ਰੋਜ਼ੀ ਰੋਟੀ ਦੇ ਸਾਧਨਾਂ ਨੂੰ ਵੀ ਜੜੋਂ ਉਖਾੜਕੇ ਰੱਖ ਦੇਣਗੇ।
ਐਸੋਸੀਏਸ਼ਨ ਦੇ ਸਰਪ੍ਰਸਤ ਤੇਜਾ ਸਿੰਘ ਅਤੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਵਿਧਾਨ ਸਭਾ ਸ਼ੈਸ਼ਨ ਦੌਰਾਨ ਪੰਜਾਬ ਵਿੱਚ ਹਰ ਵਰਗ ਦੀਆਂ ਔਰਤ ਮੁਸਾਫਰਾਂ ਨੂੰ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਦੇ ਹੁਕਮ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਅਤੇ ਪੰਜਾਬ ਰੋੜਵੇਜ ਜੋ ਕਿ ਪਹਿਲਾਂ ਤੋਂ ਹੀ ਘਾਟੇ ਦਾ ਸ਼ਿਕਾਰ ਹੋ ਕੇ ਹਰ ਸਾਲ ਆਪਣੀਆਂ ਬੱਸਾਂ ਦੀ ਗਿਣਤੀ ਘੱਟ ਕਰ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਮੁਸ਼ਕਲ ਦਾ ਸਾਹਮਣਾ ਕਰ ਰਹੀ ਹੈ। ਸਰਕਾਰੀ ਬੱਸਾਂ ਘਾਟੇ ਦਾ ਸ਼ਿਕਾਰ ਹੋ ਕੇ ਖੜੀਆਂ ਹੋ ਜਾਣਗੀਆਂ ਅਤੇ ਮੁਲਾਜ਼ਮ ਵਿਹਲੇ ਬੇਰੁਜ਼ਗਾਰ ਹੋ ਜਾਣਗੇ ਅਤੇ ਛੋਟੇ ਬੱਸ ਉਪਰੇਟਰ ਘਾਟੇ ਦੇ ਰਗੜੇ ਹੋਏ ਬੱਸਾਂ ਖੜ੍ਹੀਆਂ ਕਰਨ ਲਈ ਮਜ਼ਬੂਰ ਹੋ ਜਾਣਗੇ।
ਇਸ ਮੌਕੇ ਸਵਰਨਜੀਤ ਸਿੰਘ ਸੋਨੀ ਭੁੱਲਰ,ਗੁਰਪ੍ਰੀਤ ਸਿੰਘ ਚਹਿਲ, ਸੋਨੀ ਗਿੱਲ, ਰਾਜਿੰਦਰ ਸਿੰਘ, ਗੁਰਦੀਪ ਸਿੰਘ ,ਜਤਿੰਦਰ ਕੁਮਾਰ ਆਗਰਾ ਤੇ ਰੁਪਿੰਦਰ ਗੋਰਾ ਨੇ ਵੀ ਸੰਬੋਧਨ ਕੀਤਾ।






















