ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਅਡਾਨੀ ਖੁਸ਼ਕ ਬੰਦਰਗਾਹ ਦੇ ਕੰਟੇਨਰ ਹਿੰਦ ਟਰਮੀਨਲ ਰਾਹੀਂ ਕੱਢਣ ਲਿਆਉਣ ਦੀ ਤਸੱਲੀਬਖ਼ਸ਼ ਪੜਤਾਲ ਤੱਕ ਰਹੇਗਾ ਧਰਨਾ ਜਾਰੀ

ਚੰਡੀਗੜ੍ਹ29 ਮਾਰਚ ( ਵਿਸ਼ਵ ਵਾਰਤਾ) ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਅੱਜ ਤੀਜੇ ਦਿਨ ਵੀ ਹਿੰਦ ਟਰਮੀਨਲ ਅੱਗੇ ਦਿਨ ਰਾਤ ਦਾ ਧਰਨਾ ਜਾਰੀ ਰਿਹਾ। ਇਹ ਧਰਨਾ ਹਿੰਦ ਟਰਮੀਨਲ ਵੱਲੋਂ ਅਡਾਨੀ ਖੁਸ਼ਕ ਬੰਦਰਗਾਹ ਦੇ ਲੋਡ੍ਹ ਕੰਟੇਨਰ ਬਾਹਰ ਕੱਢਣ ਤੇ ਖਾਲੀ ਅੰਦਰ ਲਿਆਉਣ ਦੀ ਹਾਸਲ ਹੋਈ ਰਿਪੋਰਟ ਦੀ ਤਸੱਲੀਬਖ਼ਸ਼ ਪੜਤਾਲ ਕਰਨ ਅਤੇ ਲੋੜ ਪੈਣ ‘ਤੇ ਨਾਕੇਬੰਦੀ ਕਰਨ ਲਈ ਲਾਇਆ ਹੋਇਆ ਹੈ। ਲਿਖਤੀ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬੇਸ਼ੱਕ ਦੋ ਦਿਨਾਂ ਦੀ ਲਗਾਤਾਰ ਦਿਨ ਰਾਤ ਦੀ ਪੜਤਾਲ ਮੁਤਾਬਕ ਮੁਕੰਮਲ ਨਾਕੇਬੰਦੀ ਦੀ ਲੋੜ ਨਹੀਂ ਪਈ, ਪ੍ਰੰਤੂ ਸਾਰੇ ਕੰਟੇਨਰਾਂ ਦੀ ਮੁਕੰਮਲ ਛਾਣਬੀਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ। ਇਸਦਾ ਮਕਸਦ ਅਡਾਨੀ ਅੰਬਾਨੀ ਜਿਹੀਆਂ ਦਿਓਕੱਦ ਸਾਮਰਾਜੀ ਕੰਪਨੀਆਂ ਨੂੰ ਕਿਸਾਨ ਘੋਲ਼ ਦੇ ਸਿੱਧੇ ਚੋਟ ਨਿਸ਼ਾਨੇ ‘ਤੇ ਰੱਖਣਾ ਹੈ। ਪੰਜਾਬ ਦੇ 16 ਜਿਲ੍ਹਿਆਂ ਵਿੱਚ 42 ਥਾਂਵਾਂ ‘ਤੇ ਇਨ੍ਹਾਂ ਕੰਪਨੀਆਂ ਦੇ ਕਾਰੋਬਾਰਾਂ ਟੌਲ ਪਲਾਜ਼ਿਆਂ, ਸ਼ਾਪਿੰਗ ਮੌਲਜ਼ ਤੇ ਸੈੱਲੋ ਸਟੋਰਾਂ ਸਮੇਤ ਭਾਜਪਾ ਆਗੂਆਂ ਵਿਰੁੱਧ ਲਾਏ ਹੋਏ ਪੱਕੇ ਮੋਰਚੇ ਵੀ ਬਾਦਸਤੂਰ ਜਾਰੀ ਹਨ। ਪ੍ਰੈਸਨੋਟ ‘ਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨਾਂ ਮਜ਼ਦੂਰਾਂ ਸਮੇਤ ਦੇਸ਼ ਦੇ ਸਾਰੇ ਕਿਰਤੀ ਕਾਰੋਬਾਰੀਆਂ ਅੰਦਰ ਭਾਜਪਾ ਹਕੂਮਤ ਦੇ ਅੜੀਖੋਰ ਵਤੀਰੇ ਪ੍ਰਤੀ ਰੋਸ ਦਿਨੋਂ ਦਿਨ ਵਧ ਰਿਹਾ ਹੈ ਅਤੇ ਔਰਤਾਂ ਸਮੇਤ ਧਰਨਾਕਾਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 26 ਮਾਰਚ ਦੇ ਲਾ-ਮਿਸਾਲ ਭਾਰਤ ਬੰਦ ਸਮੇਂ ਹੋਏ ਠਾਠਾਂ ਮਾਰਦੇ ਇਕੱਠ ਇਸ ਦੇ ਮੂੰਹੋਂ ਬੋਲਦੇ ਸਬੂਤ ਹਨ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੁਦਾਗਰ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਨੂਰਪੁਰਾ, ਜਨਕ ਸਿੰਘ ਭੁਟਾਲ, ਜਸਵੰਤ ਸਿੰਘ ਸੇਖੋਂ, ਜਗਤਾਰ ਸਿੰਘ ਕਾਲਾਝਾੜ, ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਕੁਮਾਰੀ ਦਿਆਲਪੁਰਾ, ਪਰਮਜੀਤ ਕੌਰ ਪਿੱਥੋ ਅਤੇ ਜਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਇਸ ਮੌਕੇ ਉਹਨਾਂ ਨੇ ਮੋਦੀ ਹਕੂਮਤ ਉੱਤੇ ਅਡਾਨੀ ਅੰਬਾਨੀ ਤੇ ਵਿਦੇਸ਼ੀ ਦਿਓਕੱਦ ਸਾਮਰਾਜੀ ਕੰਪਨੀਆਂ ਦੀ ਝੋਲੀਚੁੱਕ ਅਤੇ ਕਿਸਾਨ-ਧਰੋਹੀ ਲੋਕ-ਵਿਰੋਧੀ ਹੋਣ ਦਾ ਦੋਸ਼ ਲਾਇਆ। ਕਿਉਂਕਿ ਕਾਲੇ ਖੇਤੀ ਕਾਨੂੰਨ, ਲੇਬਰ ਕੋਡ ਕਾਨੂੰਨ ਅਤੇ ਨਿਜੀਕਰਨ ਦੀਆਂ ਨੀਤੀਆਂ ਸਭਨਾਂ ਕਿਰਤੀਆਂ ਕਿਸਾਨਾਂ ਦੀ ਖੂਨ ਪਸੀਨੇ ਦੀ ਕਿਰਤ ਕਮਾਈ ਦੀ ਅੰਨ੍ਹੀ ਲੁੱਟ ਵੱਲ ਸੇਧਤ ਹਨ। ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ; ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਪੂਰੇ ਦੇਸ਼ ‘ਚ ਪੂਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ ‘ਚ ਲਾਗੂ ਕੀਤੀ ਜਾਵੇ। ਦਿੱਲੀ ਬਾਰਡਰਾਂ ਅਤੇ ਹੋਰ ਕਿਸਾਨ ਮੋਰਚਿਆਂ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਸਿਰ ਮੜ੍ਹੇ ਦੇਸ਼ਧ੍ਰੋਹੀ ਵਰਗੇ ਸਾਰੇ ਮੁਕੱਦਮੇ ਰੱਦ ਕੀਤੇ ਜਾਣ। ਸਮੂਹ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਨੂੰ ਕਿਸਾਨ ਘੋਲ਼ ਦੇ ਦਿੱਲੀ ਬਾਰਡਰਾਂ ਸਮੇਤ ਸਾਰੇ ਬੁਲੰਦੀਆਂ ਛੂਹ ਰਹੇ ਮੋਰਚਿਆਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।






















