ਖੇਡਾਂ ਵਿਅਕਤੀ ਦੇ ਜੀਵਨ ਦਾ ਕਰਦੀਆਂ ਹਨ ਵਿਕਾਸ -ਸੋਨੀ
ਪਿੰਡ ਫਤਾਹਪੁਰ ਵਿਖੇ ਖੇਡ ਸਟੇਡੀਅਮ ਬਣਾਉਣ ਦਾ ਕੀਤਾ ਐਲਾਨ
ਬਾਬਾ ਸੋਭਾ ਸਿੰਘ ਜੀ ਵੈਲਫੇਅਰ ਸੁਸਾਇਟੀ ਨੂੰ ਦਿੱਤਾ ਸਾਢੇ ਚਾਰ ਲੱਖ ਰੁਪਏ ਦਾ ਚੈਕ

ਅੰਮ੍ਰਿਤਸਰ 27 ਮਾਰਚ 2021 (ਵਿਸ਼ਵ ਵਾਰਤਾ)-ਖੇਡਾਂ ਵਿਅਕਤੀ ਦੇ ਜੀਵਨ ਦਾ ਜਿਥੇ ਮਾਨਸਿਕ ਵਿਕਾਸ ਕਰਦੀਆਂ ਹਨ ਉਥੇ ਸ਼ਰੀਰਕ ਤੋਰ ਤੇ ਵੀ ਤੰਦਰੁਸਤ ਬਣਾਉਂਦੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਪਿੰਡ ਫਤਾਹਪੁਰ ਵਿਖੇ ਕਰਵਾਏ ਗਏ ਫੁੱਟਬਾਲ ਮੈਚ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤਾ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਸ੍ਰੀ ਸੋਨੀ ਨੇ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਨਾਲ ਹੀ ਵਿਅਕਤੀ ਦਾ ਮਾਨਸਿਕ ਤੇ ਸ਼ਰੀਰਕ ਤੌਰ ਤੇ ਵਿਕਾਸ ਹੁੰਦਾ ਹੈ। ਉਨਾਂ ਕਿਹਾ ਕਿ ਖਿਡਾਰੀ ਜਿਥੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਉਥੇ ਹੀ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ।ਉਨਾਂ ਕਿਹਾ ਕਿ ਖਿਡਾਰੀਆਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਪਾਈ ਜਾਂਦੀ ਹੈ ਅਤੇ ਉਹ ਹਰ ਮੁਕਾਮ ਵਿੱਚ ਸਫ਼ਲਤਾ ਹਾਸਲ ਕਰਦੇ ਹਨ।
ਸ੍ਰੀ ਸੋਨੀ ਨੇ ਐਲਾਨ ਕੀਤਾ ਕਿ ਪਿੰਡ ਫਤਾਹਪੁਰ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਵਧੀਆ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਅਗਲੇ ਸਾਲ ਹੋਣ ਵਾਲੇ ਫੁੱਟਬਾਲ ਮੈਚ ਨਵੇਂ ਸਟੇਡੀਅਮ ਵਿੱਚ ਹੋਣਗੇ। ਉਨਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸ਼ੇਸ਼ ਰੂਚੀ ਦਿਖਾਉਣੀ ਚਾਹੀਦੀ ਹੈ।
ਇਸ ਮੌਕੇ ਸ੍ਰੀ ਸੋਨੀ ਵਲੋਂ ਬਾਬਾ ਸੋਭਾ ਸਿੰਘ ਜੀ ਦੀ ਬਣਨ ਵਾਲੀ ਧਰਮਸ਼ਾਲਾ ਲਈ ਸਾਢੇ ਚਾਰ ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ। ਉਨਾਂ ਕਿਹਾ ਕਿ ਧਰਮਸ਼ਾਲਾ ਬਣਾਉਣ ਦੇ ਫੰਡਾਂ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜ ਪੈਣ ਤੇ ਹੋਰ ਫੰਡ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਸ੍ਰੀ ਧਰਮਵੀਰ ਸਰੀਨ, ਸ: ਲਖਵਿੰਰ ਸਿੰਘ ਲੱਖਾ, ਹਰਦੀਪ ਸਿੰਘ, ਹੁੰਦਲ ਪਰਿਵਾਰ, ਸ਼ੋਭਿਤ ਬੱਬਰ, ਹਰਜੀਤ ਸਿੰਘ ਪੰਨੂੰ, ਨਿਸ਼ਾਨ ਆੜ੍ਹਤੀਆ, ਸੁਰਿੰਦਰ ਸਿੰਘ ਸੇਠੀ, ਹਰਦੀਪ ਤੁੰਗ, ਗੁਰਸੇਵਕ ਸਿੰਘ, ਵਿਕਰਮ ਸਿੰਘ ਸੰਧੂ, ਕਰਤਾਰ ਸਿੰਘ ਫੌਜੀ, ਹਰਦੇਵ ਸਿੰਘ ਬੱਬੂ ਹਾਜ਼ਰ ਸਨ।






















