21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਹੋਵੇਗਾ “ਕਿਸਾਨ ਮਹਾਂ ਸੰਮੇਲਨ” ਕੇਜਰੀਵਾਲ ਕਰਨਗੇ ਸੰਬੋਧਨ
ਮੁੱਖ ਮੰਤਰੀ ਚਿਹਰੇ ਦੀ ਅਗਵਾਈ ਵਿੱਚ ਲੜਾਂਗੇ ਵਿਧਾਨ ਸਭਾ ਚੋਣਾਂ : ਭਗਵੰਤ ਮਾਨ
ਪੀਕੇ ਦੇ ਗਪੌੜ ਸੰਖ ਅਤੇ ਮਨਪ੍ਰੀਤ ਦੇ ਉਰਦੂ ਸ਼ੇਅਰਾ ਨਾਲ ਪੇਸ਼ ਹੋਵੇਗਾ ਕੈਪਟਨ ਸਰਕਾਰ ਦਾ ਆਖਰੀ ਬਜਟ — ਨਵਜੋਤ ਸਿੱਧੂ ਤੇ ਪਰਗਟ ਸਿੰਘ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਖੁਦ ਕਰਾਂਗਾ ਸਵਾਗਤ

ਬਠਿੰਡਾ 7 ਮਾਰਚ ( ਕੁਲਬੀਰ ਬੀਰਾ ):- ਖੇਤੀ ਬਿੱਲ ਰੱਦ ਕਰਨ ਲਈ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਪੂਰੀ ਤਰ੍ਹਾਂ ਮਜ਼ਬੂਤ ਹੈ ਇਸ ਨੂੰ ਫੇਲ੍ਹ ਨਹੀਂ ਕਿਹਾ ਜਾ ਸਕਦਾ ਪਰ ਇਹ ਪੂਰੇ ਦੇਸ਼ ਵਿਚ ਫੈਲ ਚੁੱਕਿਆ ਹੈ ਤੇ ਇਹ ਅੰਦੋਲਨ ਜਿੱਤ ਨਾਲ ਹੀ ਪੂਰਾ ਹੋਵੇਗਾ, ਇਸ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣ ਲਈ ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ “ਕਿਸਾਨ ਮਹਾਂ ਸੰਮੇਲਨ” ਕੀਤਾ ਜਾ ਰਿਹਾ ਹੈ, ਜਿਸ ਨੂੰ ਸੰਬੋਧਨ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ ਅਤੇ ਇਸ ਸੰਮੇਲਨ ਵਿਚ ਲੱਖਾਂ ਦਾ ਇਕੱਠ ਮੋਦੀ ਸਰਕਾਰ ਖ਼ਿਲਾਫ਼ ਰੋਸ ਦਾ ਇਜ਼ਹਾਰ ਕਰੇਂਗਾ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਲੋਕ ਸਭਾ ਮੈਂਬਰ ਸੰਗਰੂਰ ਨੇ ਅੱਜ ਬਠਿੰਡਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਅਤੇ ਦੱਸਿਆ ਕਿ ਇਸ ਸੰਮੇਲਨ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਸਰਕਾਰ ਦੇ 8 ਮਾਰਚ ਨੂੰ ਪੇਸ਼ ਹੋ ਰਹੇ ਬਜਟ ਤੇ ਤਿੱਖਾ ਤੰਜ ਕੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਬਜਟ ਪ੍ਰਸ਼ਾਂਤ ਕਿਸ਼ੋਰ ਦੇ ਗਪੌੜ ਸੰਖਾਂ ਅਤੇ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਪੰਜਾਬ ਦੇ ਉਰਦੂ ਵਾਲੇ ਸ਼ੇਅਰਾ ਨਾਲ ਭਰਪੂਰ ਹੋਵੇਗਾ, ਪਰ ਪੰਜਾਬ ਦੇ ਭਲੇ ਲਈ ਕੁਝ ਨਹੀਂ ਨਿਕਲੇਗਾ, ਕਿਉਂਕਿ ਪਿਛਲੇ ਚਾਰ ਸਾਲਾਂ ਵਿੱਚ ਕੁਝ ਨਹੀਂ ਕਰ ਸਕੇ ਉਹ ਆਖ਼ਰੀ ਦੌਰ ਵਿੱਚ ਕੀ ਕਰ ਸਕਣਗੇ ਤੇ ਇਸ ਵਾਰ ਲੋਕ ਪ੍ਰਸ਼ਾਂਤ ਕਿਸ਼ੋਰ ਦੇ ਇੱਕ ਗਪੌਡ ਸੰਖਾਂ ਵਿਚ ਨਹੀਂ ਆਉਣਗੇ। ਭਗਵੰਤ ਮਾਨ ਨੇ ਕਿਹਾ ਕਿ ਆਪ ਨੂੰ ਲੀਡਰ ਲੈੱਸ ਪਾਰਟੀ ਕਹਿਣ ਵਾਲੇ ਕੈਪਟਨ ਖੁਦ ਲੀਡਰਲੈੱਸ ਹਨ ਜਿਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੇ ਪਾਰਟੀ ਵਿਚ ਬਗਾਵਤ ਹੋ ਗਈ । ਭਗਵੰਤ ਮਾਨ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਅਤੇ ਵਿਧਾਇਕ ਪਰਗਟ ਸਿੰਘ ਲਈ ਆਪ ਦੇ ਦਰਵਾਜ਼ੇ ਖੁੱਲ੍ਹੇ ਹੋਣ ਦੀ ਗੱਲ ਆਖਦਿਆਂ ਕਿਹਾ ਕਿ ਜੇਕਰ ਉਹ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਖ਼ੁਦ ਸੁਆਗਤ ਕਰਨਗੇ। ਮਾਨ ਨੇ ਐਲਾਨ ਕੀਤਾ ਕਿ ਆਪ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨਾਲ ਹੀ ਚੋਣਾਂ ਲੜੇਗੀ ਅਤੇ ਹਾਲੇ ਤੱਕ ਕਿਸੇ ਵੀ ਪਾਰਟੀ ਨਾਲ ਗੱਠਜੋੜ ਦੀ ਕੋਈ ਗੱਲਬਾਤ ਨਹੀਂ ਹੋ ਰਹੀ । ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਵੇਂ ਕਿਸਾਨ ਜ਼ਮੀਨ ਬਚਾਉਣ ਲਈ ਲੜ ਰਹੇ ਹਨ, ਉਸੇ ਤਰ੍ਹਾਂ ਸੁਖਬੀਰ ਬਾਦਲ ਖ਼ਤਮ ਹੋ ਚੁੱਕੀ ਸਿਆਸੀ ਜ਼ਮੀਨ ਬਚਾਉਣ ਲਈ ਧਰਨੇ ਲਾ ਰਹੇ ਹਨ। ਉਨ੍ਹਾਂ ਨਵਜੋਤ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸਰਕਾਰ ਵਿੱਚ ਮੰਤਰੀ ਬਣਨ ਤੇ ਬਿਜਲੀ ਵਿਭਾਗ ਲੈ ਕੇ ਬਿਜਲੀ ਸਸਤੀ ਕਰਨ ਦਾ ਐਲਾਨ ਕਰਨ ਤਾਂ ਜੋ ਪੰਜਾਬ ਵਾਸੀ ਉਨ੍ਹਾਂ ਨੂੰ ਸਦਾ ਯਾਦ ਰੱਖਣ। ਨਗਰ ਨਿਗਮ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਤੇ ਬੋਲਦਿਆਂ ਕਿਹਾ ਕਿ ਇਹ ਸਰਕਾਰ ਨੇ ਚੋਣਾਂ ਲੁੱਟੀਆਂ ਹਨ ਪ੍ਰੰਤੂ ਆਪ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਸਰਕਾਰ ਬਣੇਗੀ ।ਇਸ ਮੌਕੇ ਉਨ੍ਹਾਂ ਦੇ ਨਾਨ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ (ਦੋਨੇਂ ਵਿਧਾਇਕ), ਨਵਜੀਤ ਸਿੰਘ ਜੀਦਾ, ਅਨਿਲ ਠਾਕੁਰ, ਰਾਕੇਸ਼ ਪੁਰੀ, ਅੰਮ੍ਰਿਤ ਲਾਲ ਅਗਰਵਾਲ, ਜਤਿੰਦਰ ਭੱਲਾ, ਮਨਜੀਤ ਸਿੰਘ ਬਾਹੀਆ ਸਮੇਤ ਪਾਰਟੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ ।






















