ਪੰਜਾਬ ਸਟੂਡੈਂਟਸ ਵੱਲੋ ਮੰਗਾਂ ਨੂੰ ਲੈਕੇ ਰੈਲੀ ਅਤੇ ਮੁਜ਼ਾਹਰਾ ਕੀਤਾ
ਪੰਜਾਬੀ ਯੂਨੀ. ਨੂੰ ਵਿੱਤੀ ਸੰਕਟ ‘ਚੋ ਕਢਣ ਲਈ ਗਰਾਂਟ ਜਾਰੀ ਕੀਤੀ ਜਾਵੇ

ਜੈਤੋ, 5 ਮਾਰਚ (ਰਘੂਨੰਦਨ ਪਰਾਸ਼ਰ)ਅੱਜ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰੈਲੀ ਅਤੇ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦੇ ਨਾਂ ਵਿਦਿਆਰਥੀ ਮੰਗਾਂ ਐੱਸ. ਡੀ.ਐਮ. ਜੈਤੋ ਦੀ ਗੈਰ ਹਾਜ਼ਰੀ ਵਿੱਚ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ । ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਗਗਨਦੀਪ ਦਬੜੀਖਾਨਾ ਅਤੇ ਰਵਿੰਦਰ ਸੇਵੇਵਾਲਾ ਨੇ ਕਿਹਾ ਕਿ ਗੰਭੀਰ ਵਿੱਤੀ ਸੰਕਟ ‘ਚ ਘਿਰੀ ਪੰਜਾਬੀ ਯੂਨੀਵਰਸਿਟੀ,ਪਟਿਆਲਾ ਨੂੰ ਇਸ ਸੰਕਟ ‘ਚੋਂ ਕੱਢਣ ਲਈ ਫੌਰੀ ਤੌਰ’ਤੇ ਲੋੜੀਂਦੀ ਗ੍ਰਾਂਟ ਜਾਰੀ ਕੀਤੀ ਜਾਵੇ ਅਤੇ ਯੂਨੀਵਰਸਿਟੀ ਦੀਆਂ ਸਾਰੀਆਂ ਵਿੱਤੀ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ।ਸਿੰਡੀਕੇਟ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ‘ਚੋਂ ਕੱਢਣ ਦੇ ਹੱਲ ਵਜੋਂ ਵਿਦਿਆਰਥੀਆਂ ‘ਤੇ ਲੱਦੇ 10 ਪ੍ਰਤੀਸ਼ਤ ਵਾਧੇ ਦੇ ਪ੍ਰਸਤਾਵ ਨੂੰ ਫੌਰੀ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ,ਇਸ ਸਕੀਮ ਤਹਿਤ ਪਿਛਲੇ ਸਾਲਾਂ ਦੇ ਫੀਸਾਂ ਦੇ ਬਕਾਏ(ਵਿਦਿਆਰਥੀਆਂ ਅਤੇ ਕਾਲਜਾਂ) ਅਤੇ ਵਿਦਿਆਰਥੀਆਂ ਦੇ ਵਜੀਫੇ- ਭੱਤੇ, ਫੌਰੀ ਜਾਰੀ ਕੀਤੇ ਜਾਣ।
ਸਰਕਾਰੀ/ ਏਡਿਡ ਯੂਨੀਵਰਸਿਟੀਆਂ ਦੇ ਕਾਲਜਾਂ ਦੀਆਂ ਟੀਚਿੰਗ ਤੇ ਨਾਨ-ਟੀਚਿੰਗ ਦੀਆਂ ਪੋਸਟਾਂ ‘ਤੇ ਪੱਕੀ ਭਰਤੀ ਕੀਤੀ ਜਾਵੇ। ਇਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਕੰਮ ਕਰ ਰਹੇ ਸਮੁੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ।. ਸਰਕਾਰੀ ਕਾਲਜਾਂ ਵੱਲੋਂ ਵਿਦਿਆਰਥੀਆਂ ਤੋਂ ਵਸੂਲੇ ਜਾਂਦੇ ਛੇ ਤਰ੍ਹਾਂ ਦੇ ਫੰਡਾਂ ਦਾ ਵਿਆਜ਼ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਦਾ ਫੈਸਲਾ ਵਾਪਸ ਲਿਆ ਜਾਵੇ।
ਸਭਨਾਂ ਲਈ ਯੂਨੀਵਰਸਿਟੀ ਪੱਧਰ ਤੱਕ ਮੁਫ਼ਤ ਅਤੇ ਲਾਜਮੀ ਸਿੱਖਿਆ ਦੇ ਹੱਕ ਦੀ ਕਾਨੂੰਨੀ ਗਾਰੰਟੀ ਕੀਤੀ ਜਾਵੇ। ਇਸ ਮੌਕੇ ਅਰਸ਼ਦੀਪ ਕੌਰ , ਰੁਪਿੰਦਰ ਕੌਰ , ਭੁਪਿੰਦਰ, ਧਰਮਪ੍ਰੀਤ , ਸੁਖਜਿੰਦਰ , ਰੋਹਿਤ , ਸਾਹਿਬ , ਹਰਦੀਪ, ਵਿਸ਼ਾਲ , ਨਰਿੰਦਰ, ਆਦਿ ਵਿਦਿਆਰਥੀ ਸ਼ਾਮਿਲ ਸਨ।






















