
ਚੰਡੀਗੜ੍ਹ 2 ਮਾਰਚ (ਵਿਸ਼ਵ ਵਾਰਤਾ)-ਦਿੱਲੀ ਮੋਰਚੇ ਤੋਂ ਪੰਜਾਬ ਪਰਤਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਭਰ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ ਕਰੀਬ 68 ਥਾਵਾਂ ਟੋਲ-ਪਲਾਜ਼ਿਆਂ, ਕਾਰਪੋਰੇਟ-ਮਾਲਜ਼, ਰਿਲਾਇੰਸ ਪੰਪਾਂ ਅਤੇ ਰੇਲਵੇ-ਪਾਰਕਾਂ ‘ਤੇ ਚਲਦੇ ਕਿਸਾਨ-ਮੋਰਚਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ ਕਿ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਕਿਸਾਨ-ਮੋਰਚੇ ਵੀ ਮਜ਼ਬੂਤੀ ਨਾਲ ਕਾਇਮ ਹਨ। ਉਹਨਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਕਿਸਾਨ-ਮੋਰਚਿਆਂ ‘ਤੇ ਬੈਠੇ ਕਿਸਾਨ ਆਗੂਆਂ ਨਾਲ ਤਾਲਮੇਲ ਕਰਦਿਆਂ 6, 8 ਅਤੇ 15 ਮਾਰਚ ਨੂੰ ਦਿੱਲੀ ਵੱਡੀ ਗਿਣਤੀ ‘ਚ ਪਹੁੰਚਣ ਦਾ ਸੱਦਾ ਦਿੱਤਾ।






















