ਚੰਡੀਗੜ੍ਹ (ਵਿਸ਼ਵ ਵਾਰਤਾ ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣੇ ਹਲਕੇ ਦੀ ਇੱਕ ਦਲਿਤ ਲੜਕੀ ਦੇ ਹੱਕਾਂ ਦੀ ਰਾਖੀ ਕਰਨ ਵਿਚ ਨਾਕਾਮ ਰਹਿਣ ਲਈ ਨੈਤਿਕ ਆਧਾਰ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ। ਪਾਰਟੀ ਨੇ ਕਿਹਾ ਕਿ ਇਸ ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਉੱਤੇ ਸ਼ਰੇਆਮ ਅੱਤਿਆਚਾਰ ਕੀਤਾ ਜਾ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਪ੍ਰੀਖਿਆ ਦੌਰਾਨ ਤਿੰਨ ਲੜਕਿਆਂ ਨੂੰ ਨਕਲ ਮਰਵਾਉਣ ਵਿਚ ਮੱਦਦ ਕਰਨ ਤੋਂ ਇਨਕਾਰ ਕਰਨ ਉੱਤੇ ਵੀਰਪਾਲ ਕੌਰ ਨਾਂ ਦੀ ਦਲਿਤ ਲੜਕੀ ਦੀ ਕੁੱਟਮਾਰ ਕੀਤੀ ਸੀ ਅਤੇ ਉਸ ਨੂੰ ਅਜੇ ਤੀਕ ਇਨਸਾਫ ਨਹੀਂ ਮਿਲਿਆ ਹੈ।
ਅਕਾਲੀ ਬੁਲਾਰੇ ਨੇ ਕਿਹਾ ਕਿ ਇਹ ਵੀ ਪਤਾ ਚੱਲਿਆ ਹੈ ਕਿ ਐਸਸੀ/ਬੀਸੀ ਭਲਾਈ ਮੰਤਰੀ ਉਸ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਭਾਟੀਆ ਅਤੇ ਕਲਰਕ ਜਸਵੀਰ ਸਿੰਘ ਦੀ ਮੱਦਦ ਕਰ ਰਹੇ ਹਨ, ਜਿਹਨਾਂ ਨੇ ਤਿੰਨ ਲੜਕਿਆਂ ਨਾਲ ਮਿਲ ਕੇ ਵੀਰਪਾਲ ਦੀ ਕੁੱਟਮਾਰ ਕੀਤੀ ਸੀ। ਇੱਥੋਂ ਤਕ ਕਿ ਵੀਰਪਾਲ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਉਹਨਾਂ ਦੀਆਂ ਸ਼ਿਕਾਇਤਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇੱਕ ਦਲਿਤ ਮੰਤਰੀ ਤੋਂ ਅਜਿਹੇ ਵਿਵਹਾਰ ਦੀ ਉਮੀਦ ਨਹੀਂ ਸੀ। ਧਰਮਸੋਤ ਨੂੰ ਆਪਣਾ ਸੰਵਿਧਾਨਿਕ ਫਰਜ਼ ਨਾ ਨਿਭਾਉਣ ਦੀ ਜ਼ਿੰਮੇਵਾਰੀ ਲੈਂਦਿਆਂ ਨੈਤਿਕ ਆਧਾਰ ਉੱਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀ ਉਹਨਾਂ ਖਿਲਾਫ ਇੱਕ ਜਨ ਅੰਦੋਲਨ ਸ਼ੁਰੂ ਕਰਕੇ ਉਹਨਾਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕਰ ਦਿਆਂਗੇ।
ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਧਰਮਸੋਤ ਬਤੌਰ ਮੰਤਰੀ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੇ ਹੋਣ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੰਤਰੀ ਨੇ 43 ਹਜ਼ਾਰ ਐਸਸੀ ਅਤੇ ਬੀਸੀ ਲੜਕੀਆਂ ਨੂੰ ‘ਸ਼ਗਨ’ ਦੀ ਰਾਸ਼ੀ ਵੰਡਣ ਵਿਚ ਨਾਕਾਮੀ ਵਿਖਾਈ ਹੈ, ਜਿਸ ਦੀ ਉਹ ਪਿਛਲੇ ਦਸ ਮਹੀਨਿਆਂ ਤੋਂ ਉਡੀਕ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮੰਤਰੀ ਨੇ ਦਸਵੀਂ ਪਾਸ ਕਰ ਚੁੱਕੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਨਹੀਂ ਵੰਡੇ ਜਦਕਿ ਇਸ ਵਾਸਤੇ ਕਾਂਗਰਸ ਸਰਕਾਰ ਕੇਂਦਰ ਤੋਂ 117 ਕਰੋੜ ਰੁਪਏ ਦੀ ਰਾਸ਼ੀ ਹਾਸਿਲ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਿਰ ਦਲਿਤ ਵਿਦਿਆਰਥੀਆਂ ਦੀ ਫੀਸ ਨਾ ਦਿੱਤੇ ਜਾਣ ਕਰਕੇ ਹਜ਼ਾਰਾਂ ਵਿਦਿਆਰਥੀ ਦਾਖ਼ਲੇ ਨਹੀ ਲੈ ਪਾਏ ਅਤੇ ਬਹੁਤ ਸਾਰਿਆਂ ਨੂੰ ਇਮਤਿਹਾਨਾਂ ਅੰਦਰ ਨਹੀਂ ਬੈਠਣ ਦਿੱਤਾ ਗਿਆ।
ਸ੍ਰੀ ਟੀਨੂੰ ਨੇ ਕਿਹਾ ਕਿ ਧਰਮਸੋਤ ਦੀ ਆਪਣੇ ਵਿਭਾਗ ਨੂੰ ਚਲਾਉਣ ਲਈ ਕੁਸ਼ਲਤਾ ਦੀ ਘਾਟ ਕਰਕੇ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਇਸ ਮੰਤਰੀ ਦੀ ਕਾਰਜਕੁਸ਼ਲਤਾ ਉੱਤੇ ਰਤੀ ਭਰ ਵੀ ਭਰੋਸਾ ਨਹੀਂ ਰਿਹਾ, ਇਸ ਲਈ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਸ਼ੰਭੂ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ
ਸ਼ੰਭੂ ਸਟੇਸ਼ਨ 'ਤੇ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ) ਅੱਜ ਸ਼ੰਭੂ ਰੇਲਵੇ ਸਟੇਸ਼ਨ 'ਤੇ...