ਪਿੰਡ ਸਜੂੰਮਾ ਨੇੜੇ ਵਾਪਰੇ ਸੜਕ ਹਾਦਸੇ ‘ਚ ਪਤਨੀ ਦੀ ਮੌਤ
ਛੋਟੀ ਬੱਚੀ ਤੇ ਉਸਦਾ ਪਿਤਾ ਵਾਲ ਵਾਲ ਬਚੇ

ਭਵਾਨੀਗੜ੍ਹ, 20 ਫਰਵਰੀ (ਵਿਸ਼ਵ ਵਾਰਤਾ)- ਸੁਨਾਮ-ਪਟਿਆਲਾ ਮੁੱਖ ਸੜਕ ’ਤੇ ਪਿੰਡ ਸਜੂੰਮਾ ਨੇੜੇ ਸ਼ਨਿੱਚਰਵਾਰ ਸਵੇਰੇ ਇੱਕ ਮੋਟਰਸਾਇਕਲ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਸਾਇਨ ਬੋਰਡ ਦੇ ਨਾਲ ਜਾ ਟਕਰਾਇਆ। ਹਾਦਸੇ ‘ਚ ਮੋਟਰਸਾਇਕਲ ਸਵਾਰ ਛੋਟੀ ਬੱਚੀ ਸਮੇਤ ਪਤੀ-ਪਤਨੀ ਸੜਕ ‘ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਤੇ ਬਾਅਦ ਵਿੱਚ ਹਸਪਤਾਲ ਜਾ ਕੇ ਪਤਨੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਰਾਜੂ ਸਿੰਘ ਵਾਸੀ ਧੂਰੀ ਆਪਣੀ ਪਤਨੀ ਗੀਤਾ ਰਾਣੀ (35) ਅਤੇ 2 ਸਾਲ ਦੀ ਛੋਟੀ ਨਾਲ ਮੋਟਰਸਾਇਕਲ ’ਤੇ ਸਵਾਰ ਹੋ ਕੇ ਮਹਿਲਾ ਚੌਂਕ ਵਾਲੀ ਸਾਇਡ ਤੋਂ ਭਵਾਨੀਗੜ੍ਹ ਵੱਲ ਨੂੰ ਆ ਰਹੇ ਸੀ ਤੇ ਜਦੋਂ ਇਹ ਪਿੰਡ ਸਜੂੰਮਾਂ ਦੇ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਇਨ੍ਹਾਂ ਦਾ ਮੋਟਰਸਾਇਕਲ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਸਾਇਨ ਬੋਰਡ ਨਾਲ ਟੱਕਰਾ ਗਿਆ। ਹਾਦਸੇ ‘ਚ ਰਾਜੂ ਸਿੰਘ ਤੇ ਗੀਤਾ ਰਾਣੀ ਬੱਚੀ ਸਣੇ ਸੜਕ ’ਤੇ ਜਾ ਡਿੱਗੇ ਤੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਮੌਕੇ ‘ਤੇ ਇਕੱਤਰ ਹੋਏ ਪਿੰਡ ਦੇ ਲੋਕਾਂ ਨੇ ਜਖ਼ਮੀਆਂ ਨੂੰ ਐਬੂੰਲੈਂਸ ਰਾਹੀ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਜਿੱਥੇ ਜ਼ਖ਼ਮਾਂ ਦੀ ਤਾਬ ਨੂੰ ਨਾ ਝੱਲਦਿਆਂ ਗੀਤਾ ਰਾਣੀ ਦੀ ਮੌਤ ਹੋ ਗਈ। ਜਦੋਂ ਕਿ ਉਸਦਾ ਪਤੀ ਰਾਜੂ ਸਿੰਘ ਜੇਰੇ ਇਲਾਜ ਹੈ ਅਤੇ ਛੋਟੀ ਬੱਚੀ ਦੀ ਹਾਲਤ ਖਤਰੇ ਤੋੰ ਬਾਹਰ ਦੱਸੀ ਜਾ ਰਹੀ ਹੈ। ਓਧਰ ਪੁਲਸ ਨੇ ਇਸ ਸਬੰਧੀ 174 ਦੀ ਕਾਰਵਾਈ ਅਮਲ ‘ਚ ਲਿਆਉੰਦਿਆ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਭੇਜਿਆ।






















