ਆਰਮੀ ਭਰਤੀ ਰੈਲੀ ‘ਚ ਹੁਣ ਤੱਕ 6188 ਉਮੀਦਵਾਰਾਂ ਨੇ ਪਾਸ ਕੀਤਾ ਫਿਜ਼ੀਕਲ ਟੈਸਟ : ਕਰਨਲ ਆਰ.ਆਰ. ਚੰਦੇਲ
-ਸੋਸ਼ਲ ਮੀਡੀਆ ‘ਤੇ ਭਰਤੀ ਲਈ ਇਕ ਹੋਰ ਮੌਕੇ ਸਬੰਧੀ ਚੱਲ ਰਿਹਾ ਸੰਦੇਸ਼ ਗਲਤ ਤੇ ਗੁਮਰਾਹਕੁਨ : ਭਰਤੀ ਡਾਇਰੈਕਟਰ
-ਉਮੀਦਵਾਰਾਂ ਨੂੰ ਰਿਸ਼ਵਤ ਮੰਗਣ ਵਾਲੇ ਟਾਊਟਾਂ ਤੋਂ ਸਾਵਧਾਨ ਰਹਿਣ ਦਾ ਸੱਦਾ

ਪਟਿਆਲਾ, 18 ਫਰਵਰੀ (ਵਿਸ਼ਵ ਵਾਰਤਾ)-ਸੂਬੇ ਦੇ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਫ਼ੌਜ ਵਿੱਚ ਨੌਜਵਾਨਾਂ ਦੀ ਭਰਤੀ ਲਈ 7 ਫਰਵਰੀ ਤੋਂ ਪਟਿਆਲਾ ਸੰਗਰੂਰ ਰੋਡ ‘ਤੇ ਸਥਿਤ ਫ਼ੌਜੀ ਛਾਉਣੀ ਮੈਦਾਨ ‘ਚ ਚੱਲ ਰਹੀ ਭਰਤੀ ਰੈਲੀ ‘ਚ ਹੁਣ ਤੱਕ 6188 ਉਮੀਦਵਾਰਾਂ ਨੇ ਫਿਜ਼ੀਕਲ ਟੈਸਟ ਪਾਸ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਭਰਤੀ ਰੈਲੀ ‘ਚ ਵੱਡੀ ਗਿਣਤੀ ਉਮੀਦਵਾਰਾਂ ਵੱਲੋਂ ਫਿਜ਼ੀਕਲ ਟੈਸਟ ਦਿੱਤਾ ਗਿਆ ਅਤੇ 6188 ਉਮੀਦਵਾਰ ਨੇ ਫਿਜ਼ੀਕਲ ਟੈਸਟ ਪਾਸ ਕੀਤਾ ਹੈ। ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਰੈਲੀ ਦਾ ਆਖਰੀ ਦਿਨ ਹੈ ਜਿਸ ‘ਚ ਸੁਨਾਮ ਤਹਿਸੀਲ ਦੇ ਉਮੀਦਵਾਰ ਹਿੱਸਾ ਲੈਣਗੇ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇੱਕ ਸੰਦੇਸ਼ ਚੱਲ ਰਿਹਾ ਹੈ ਕਿ ਪਟਿਆਲਾ ਭਰਤੀ ਵਾਲਿਆਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ, ਜੋ ਕਿ ਗਲਤ ਤੇ ਗੁਮਰਾਹਕੁਨ ਹੈ। ਉਨ੍ਹਾਂ ਕਿਹਾ ਅਜਿਹੇ ਗਲਤ ਸੰਦੇਸ਼ ਨਾਲ ਉਮੀਦਵਾਰਾਂ ਨੂੰ ਗੁਮਰਾਹ ਕਰਨ ਵਾਲਿਆ ਖਿਲਾਫ਼ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਵੀ ਅਜਿਹੇ ਗੁਮਰਾਹਕੁਨ ਸੰਦੇਸ਼ਾਂ ਤੋਂ ਸੁਚੇਤ ਰਹਿਣ ਲਈ ਕਿਹਾ।
ਇਸ ਮੌਕੇ ਉਨ੍ਹਾਂ ਫ਼ੌਜ ‘ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਫ਼ੌਜ ‘ਚ ਭਰਤੀ ਹੋਣ ਲਈ ਉਹ ਕਿਸੇ ਨੂੰ ਵੀ ਰਿਸ਼ਵਤ ਨਾ ਦੇਣ ਅਤੇ ਟਾਊਟਾਂ ਤੋਂ ਵੀ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਫ਼ੌਜ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਰਿਸ਼ਵਤ ਦੀ ਮੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਦੀ ਸ਼ਿਕਾਇਤ ਪੁਲਿਸ ਜਾਂ ਫ਼ੌਜ ਦੇ ਉਚ ਅਧਿਕਾਰੀਆਂ ਨੂੰ ਤੁਰੰਤ ਦਿੱਤੀ ਜਾਵੇਗੀ।






















