ਸਰਕਾਰੀ ਸਕੂਲਾਂ ਦੀ ਮਿਆਰੀ ਸਿੱਖਿਆ ਬਣੀ ਸਮਾਜ ਦੀ ਖੁਸ਼ਹਾਲੀ ਦਾ ਆਧਾਰ
ਸਿੱਖਿਆ ਵਿਭਾਗ ਵੱਲੋਂ ਚਲਾਈ ‘ਸਮਾਰਟ ਸਕੂਲ ਮੁਹਿੰਮ’ ਤਹਿਤ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ
ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ 9658 ਸਰਕਾਰੀ ਸਕੂਲ ਸਮਾਰਟ ਸਕੂਲ ਬਣੇ

ਐੱਸ.ਏ.ਐੱਸ.ਨਗਰ 17 ਫ਼ਰਵਰੀ (ਸਤੀਸ਼ ਕੁਮਾਰ ਪੱਪੀ) ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਜੋ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ, ਉਹ ਕਾਬਿਲੇ-ਤਾਰੀਫ਼ ਹੈ। 9658 ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਸਰਕਾਰੀ ਸਕੂਲਾਂ ਦੀ ਸੁੰਦਰ ਦਿੱਖ ਹਰ ਲੰਘਣ ਵਾਲੇ ਰਾਹੀ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਨੂੰ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਕੇ ਇਹ ਇੱਕ ਵਿਲੱਖਣ ਕਾਰਜ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਾਰਟ ਸਕੂਲ ਨੀਤੀ ਲਾਗੂ ਕੀਤੀ ਗਈ। ਇਸ ਨੀਤੀ ਤਹਿਤ ਹੁਣ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਸਰਕਾਰੀ ਸਕੂਲਾਂ ਦਾ ਵਿਕਾਸ ਕਰਨ ਲਈ ਸਿੱਖਿਆ ਵਿਭਾਗ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਕਰਕੇ 6547 ਸਰਕਾਰੀ ਪ੍ਰਾਇਮਰੀ ਸਕੂਲ, 3111 ਸਰਕਾਰੀ ਮਿਡਲ ਸਕੂਲ, ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਸਰਕਾਰੀ ਸਕੂਲਾਂ ਵਿੱਚ ਹੋਇਆ ਖੂਬਸੂਰਤ ਬਾਲਾ ਵਰਕ (ਬਿਲਡਿੰਗ ਐਜ਼ ਲਰਨਿੰਗ ਏਡ), ਆਕਰਸ਼ਕ ਦਿੱਖ ਵਾਲੇ ਸੁੰਦਰ ਗੇਟ, ਪ੍ਰੋਜੈਕਟਰਾਂ / ਐੱਲ.ਈ.ਡੀਜ਼ ਨਾਲ ਲੈਸ ਡਿਜੀਟਲ ਕਲਾਸਰੂਮ, ਪੰਜਾਬੀ ਮਾਧਿਅਮ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਦੀ ਸ਼ੁਰੂਆਤ, ਪੜ੍ਹਾਉਣ ਲਈ ਈ-ਕੰਟੈਂਟ ਦੀ ਵਰਤੋਂ, ਰੰਗਦਾਰ ਤੇ ਸੁੰਦਰ ਫ਼ਰਨੀਚਰ, ਮਾਡਰਨ ਲਾਇਬ੍ਰੇਰੀਆਂ ਤੇ ਰੀਡਿੰਗ ਕਾਰਨਰ, ਸਾਇੰਸ ਲੈਬਜ਼, ਮੈਥ ਲੈਬਜ਼, ਵਿੱਦਿਅਕ ਪਾਰਕ/ ਸਵਿੰਗ ਪਾਰਕ, ਐਜੂਸੈੱਟ ਰੂਮ, ਸੁੰਦਰ ਖੇਡ ਦੇ ਮੈਦਾਨ, ਵਿਦਿਆਰਥੀਆਂ ਲਈ ਆਈ.ਡੀ. ਕਾਰਡ ਅਤੇ ਆਕਰਸ਼ਕ ਦਿੱਖ ਵਾਲੀਆਂ ਸਮਾਰਟ ਵਰਦੀਆਂ, ਕਲਾਸਾਂ ਵਿੱਚ ਲੈਕਚਰ ਸਟੈਂਡ, ਸਾਊਂਡ ਸਿਸਟਮ, ਗਰੀਨ ਬੋਰਡ/ਵਾਈ੍ਹਟ ਬੋਰਡ, ਅਧਿਆਪਕ ਔਨਰ ਬੋਰਡ, ਵਿਦਿਆਰਥੀ ਔਨਰ ਬੋਰਡ, ਪੀ.ਟੀ. ਡਰੰਮ, ਵਿਦਿਆਰਥੀਆਂ ਦੁਆਰਾ ਟਾਈ ਅਤੇ ਬੈਲਟ ਦੀ ਵਰਤੋਂ, ਲੜਕੀਆਂ ਲਈ ਸੈਨੇਟਰੀ ਪੈਡ ਵੈਡਿੰਗ ਤੇ ਇਨਸਨਰੇਟਰ ਮਸ਼ੀਨਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਤੇ ਲਿਖੀ ਗਈ ਗਿਆਨ ਭਰਪੂਰ ਸਿੱਖਣ ਸਮੱਗਰੀ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਇਹਨਾਂ ਸਮਾਰਟ ਸਕੂਲਾਂ ਦੇ ਆਪਣੇ ਫੇ਼ਸਬੁੱਕ ਤੇ ਯੂ-ਟਿਊਬ ਚੈਨਲ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਸਕੂਲ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਸਮਾਜ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਪੜ੍ਹਾਈ ਕਰਵਾਉਣ ਅਤੇ ਸਾਰੀ ਸਿੱਖਣ ਸਮੱਗਰੀ ਨੂੰ ਇੱਕੋ ਥਾਂ ਤੇ ਉਪਲਬਧ ਕਰਵਾਉਣ ਲਈ ਵਿਭਾਗ ਵੱਲੋਂ ‘ਪੰਜਾਬ ਐਜੂਕੇਅਰ ਐਪ’ ਵੀ ਤਿਆਰ ਕੀਤੀ ਗਈ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਲਈ ਆਡੀਓ- ਵੀਡੀਓ ਲੈਕਚਰ ਵੀ ਤਿਆਰ ਕਰਕੇ ਭੇਜੇ ਜਾ ਰਹੇ ਹਨ ਜਿਨ੍ਹਾਂ ਦਾ ਵਿਦਿਆਰਥੀ ਭਰਪੂਰ ਲਾਹਾ ਲੈ ਰਹੇ ਹਨ।
ਸਾਰੇ ਸਰਕਾਰੀ ਸਕੂਲਾਂ ਵਿੱਚ ਐੱਲ.ਈ.ਡੀ. ਸਕਰੀਨਾਂ ਲੱਗ ਚੁੱਕੀਆਂ ਹਨ। ਸਿੱਖਿਆ ਵਿਭਾਗ ਵੱਲੋਂ 8168 ਸਕੂਲਾਂ ਵਿੱਚ 16589 ਪ੍ਰੋਜੈਕਟਰ ਲਗਾਏ ਜਾ ਚੁੱਕੇ ਹਨ। ਇਹਨਾਂ 3111 ਸਰਕਾਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਖੂਬਸੂਰਤ ਵਿੱਦਿਅਕ ਪਾਰਕ ਬਣਾਏ ਗਏ ਹਨ। ਸਿੱਖਿਆ ਵਿਭਾਗ ਵੱਲੋਂ ਮਿਹਨਤੀ ਅਧਿਆਪਕਾਂ ਵੱਲੋਂ ਤਿਆਰ ਕਰਵਾਏ ਗਏ ਈ-ਕੰਟੈਂਟ ਦੀ ਵਰਤੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ 8100 ਸਰਕਾਰੀ ਸਕੂਲਾਂ ਵਿੱਚ ਨਿਗਰਾਨੀ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੀ ਲੋੜ ਅਨੁਸਾਰ ਸਮਾਰਟ ਸਕੂਲ ਬਣਾਉਣ ਦੀ ਮੁਹਿੰਮ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਆਧੁਨਿਕ ਤਕਨੀਕਾਂ ਨਾਲ ਮਿਲਣ ਵਾਲੀ ਮਿਆਰੀ ਸਿੱਖਿਆ ਕਾਰਨ ਸਮਾਜ ਦਾ ਰੁਝਾਨ ਹੁਣ ਸਰਕਾਰੀ ਸਕੂਲਾਂ ਵੱਲ ਹੋ ਰਿਹਾ ਹੈ, ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲਿਆਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।






















