ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਕੀਤੀ ਸਕੂਲੀ ਵੈਨਾਂ ਦੀ ਚੈਕਿੰਗ

ਬਠਿੰਡਾ, 12 ਫਰਵਰੀ ( ਕੁਲਬੀਰ ਬੀਰਾ ):ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ 18 ਜਨਵਰੀ 2021 ਤੋਂ 17 ਫਰਵਰੀ 2021 ਤੱਕ 32ਵਾਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2021 ’’ਸੜਕ ਸੁਰੱਖਿਆ ਜੀਵਨ ਰੱਖਿਆ’’ ਮਨਾਇਆ ਜਾ ਰਿਹਾ ਹੈ। ਇਸਦੇ ਮੱਦੇਨਜ਼ਰ ਜ਼ਿਲਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਚੰਡੀਗੜ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਿਨ ਪਾਲਿਸੀ ਤਹਿਤ ਬਠਿੰਡਾ ਸ਼ਹਿਰ ਦੇ ਸਕੂਲ ਸਨਾਵਰ ਇੰਸਟੀਚਿਊਟ ਅਤੇ ਰੋਜ਼ ਮੈਰੀ ਪਬਲਿਕ ਸਕੂਲ ਦੀਆਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।
ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਅੱਗੇ ਕਿਹਾ ਕਿ ਚੈਕਿੰਗ ਦੌਰਾਨ ਸਕੂਲ ਦੇ ਸਟਾਫ਼ ਅਤੇ ਬੱਸ ਡਰਾਇਵਰਾਂ ਨੂੰ ਮੌਕੇ ’ਤੇ ਦੱਸਿਆ ਗਿਆ ਕਿ ਸੇਫ਼ ਸਕੂਲ ਵਾਹਿਨ ਪਾਲਿਸੀ ਅਨੁਸਾਰ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ, ਬੱਸ ਦੇ ਅੱਗੇ ਸਕੂਲ ਬੱਸ ਲਿਖਿਆ ਹੋਵੇ, ਬੱਸ 15 ਸਾਲ ਤੋਂ ਵੱਧ ਪੁਰਾਣੀ ਨਾ ਹੋਵੇ, ਡਰਾਇਵਰ ਦੇ ਵਰਦੀ ਪਾਈ ਹੋਵੇ, ਡਰਾਇਵਰ ਕੋਲ ਹੈਵੀ ਲਾਇਸੈਂਸ ਹੋਵੇ, ਬੱਸ ਵਿੱਚ ਫਸਟ ਏਡ, ਅੱਗ ਬਝਾਊ ਯੰਤਰ ਅਤੇ ਸੀ.ਸੀ.ਟੀ.ਵੀ. ਕੈਮਰਾ ਲੱਗਿਆ ਹੋਣਾ ਚਾਹੀਦਾ ਹੈ। ਜੇਕਰ ਬੱਸ ਵਿੱਚ ਕੁੜੀਆਂ ਸਫਰ ਕਰਦੀਆਂ ਹਨ ਤਾਂ ਬੱਸ ਵਿੱਚ ਲੇਡੀ ਕੰਡਕਟਰ ਹੋਣੀ ਲਾਜ਼ਮੀ ਹੈ। ਇਸ ਦੌਰਾਨ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਰੋਡ ਸੇਫਟੀ ਦੇ ਬਾਰੇ ਜਾਗਰੂਕ ਕੀਤਾ ਗਿਆ।
ਇਸ ਚੈਕਿੰਗ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੀ ਟੀਮ ਵਿੱਚ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਤੋਂ ਸ੍ਰੀ ਰਾਜਵਿੰਦਰ ਸਿੰਘ, ਸ੍ਰੀ ਰਛਪਾਲ ਸਿੰਘ ਅਤੇ ਪੁਲਿਸ ਵਿਭਾਗ ਤੋਂ ਸ੍ਰੀ ਸੁਖਰਾਜ ਸਿੰਘ ਏ.ਐਸ.ਆਈ ਅਤੇ ਹਾਕਮ ਸਿੰਘ ਏ.ਐਸ.ਆਈ ਮੌਜੂਦ ਰਹੇ।






















