ਪੁੱਡਾ ਜਾਇਦਾਦਾਂ ਦੀ ਈ-ਨਿਲਾਮੀ 15 ਫਰਵਰੀ ਤੱਕ ਜਾਰੀ ਰਹੇਗੀ-ਸੁਰਭੀ ਮਲਿਕ

ਪਟਿਆਲਾ, 10 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਵੱਲੋਂ ਫਰਵਰੀ ਮਹੀਨੇ ਵਿੱਚ ਪ੍ਰਮੁੱਖ ਜਾਇਦਾਦਾਂ ਦੀ 5 ਫਰਵਰੀ ਨੂੰ ਸੁਰੂ ਹੋਈ ਈ-ਨਿਲਾਮੀ 15 ਫਰਵਰੀ, 2021 ਨੂੰ ਬਾਅਦ ਦੁਪਹਿਰ 1.00 ਤੱਕ ਜਾਰੀ ਰਹੇਗੀ। ਇਸ ਤਹਿਤ ਸੂਬੇ ਦੇ ਵੱਖ-ਵੱਖ ਸਹਿਰਾਂ ਵਿੱਚ ਸਥਿਤ ਜਾਇਦਾਦਾਂ ਖਰੀਦਣ ਲਈ ਉਪਲਬਧ ਹੋਣਗੀਆਂ।
ਇਹ ਜਾਣਕਾਰੀ ਪੀਡੀਏ ਪਟਿਆਲਾ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਸੁਰਭੀ ਮਲਿਕ ਨੇ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਪ੍ਰਮੁੱਖ ਖੇਤਰਾਂ ਵਿੱਚ ਸਥਿਤ ਰਿਹਾਇਸੀ ਪਲਾਟਾਂ, ਐਸਸੀਓਜ਼, ਦੁਕਾਨਾਂ, ਬੂਥਾਂ ਆਦਿ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਹ ਸਾਈਟਾਂ ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਨਾਭਾ, ਕਪੂਰਥਲਾ, ਮੁਕੇਰੀਆਂ, ਮਾਨਸਾ, ਅਬੋਹਰ ਅਤੇ ਮਲੋਟ ਵਿਖੇ ਸਥਿਤ ਹਨ। ਪ੍ਰਮੁੱਖ ਜਾਇਦਾਦਾਂ ਨੂੰ ਖਰੀਦਣ ਦਾ ਇਹ ਇਕ ਵਧੀਆ ਮੌਕਾ ਹੈ ਕਿਉਂਕਿ ਨਿਲਾਮੀ ਵਾਲੀਆਂ ਸਾਈਟਾਂ ਪਹਿਲਾਂ ਤੋਂ ਹੀ ਵਿਕਸਤ ਇਲਾਕਿਆਂ ਵਿੱਚ ਸਥਿਤ ਹਨ।
ਫਾਈਨਲ ਬੋਲੀ ਦੀ 25% ਰਕਮ ਦੀ ਅਦਾਇਗੀ ਕਰਨ ‘ਤੇ ਸਾਈਟਾਂ ਦਾ ਕਬਜਾ ਸਫਲ ਬੋਲੀਕਾਰਾਂ ਨੂੰ ਸੌਂਪਿਆ ਜਾਵੇਗਾ ਅਤੇ ਅਲਾਟੀਆਂ ਨੂੰ ਬਕਾਇਆ ਰਕਮ ਕਿਸਤਾਂ ਵਿੱਚ 9.5% ਸਾਲਾਨਾ ਵਿਆਜ ਦਰ ‘ਤੇ ਜਮ੍ਹਾਂ ਕਰਵਾਉਣੀ ਪਵੇਗੀ। ਸਾਈਟਾਂ ਦਾ ਕਬਜ਼ਾ ਛੇਤੀ ਦੇਣ ਨਾਲ ਅਲਾਟੀ ਜਲਦ ਤੋਂ ਜਲਦ ਰਿਹਾਇਸੀ ਜਾਂ ਵਪਾਰਕ ਮੰਤਵ ਲਈ ਉਸਾਰੀ ਸ਼ੁਰੂ ਕਰ ਸਕਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਈ-ਨਿਲਾਮੀ ਦੀ ਸੁਰੂਆਤ ਤੋਂ ਪਹਿਲਾਂ ਜਾਇਦਾਦਾਂ ਨਾਲ ਸਬੰਧਤ ਵੇਰਵੇ ਜਿਵੇਂ ਰਾਖਵੀਂ ਕੀਮਤ, ਲੋਕੇਸ਼ਨ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸਰਤਾਂ ਪੋਰਟਲ www.puda.e-auctions.in ‘ਤੇ ਪਾ ਦਿੱਤੇ ਜਾਣਗੇ।
ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ, ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ ‘ਤੇ ਸਾਈਨ ਅਪ ਕਰਨਾ ਹੋਵੇਗਾ ਅਤੇ ਯੂਜਰ ਆਈਡੀ ਅਤੇ ਪਾਸਵਰਡ ਪ੍ਰਾਪਤ ਕਰਨਾ ਲਾਜਮੀ ਹੋਵੇਗਾ। ਬੋਲੀਕਾਰਾਂ ਨੂੰ ਨੈੱਟ ਬੈਂਕਿੰਗ / ਡੈਬਿਟ ਕਾਰਡ / ਕ੍ਰੈਡਿਟ ਕਾਰਡ / ਆਰਟੀਜੀਐਸ / ਐਨਈਐਫਟੀ ਦੇ ਜਰੀਏ ਰਿਫੰਡਏਬਲ / ਐਡਜਸਟਏਬਲ ਯੋਗਤਾ ਫੀਸ ਜਮ੍ਹਾਂ ਕਰਾਉਣੀ ਪਵੇਗੀ।






















