ਭਗਵੰਤ ਮਾਨ ਵੱਲੋਂ ਰਾਜਪੁਰਾ ’ਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ

ਪਟਿਆਲਾ, 7 ਫਰਵਰੀ 2021 (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਅੱਜ ਨਗਰ ਕੌਂਸਲ ਰਾਜਪੁਰਾ, ਫਤਹਿਗਡ਼੍ਹ ਸਾਹਿਬ ਅਤੇ ਨਾਭਾ ਦੀਆਂ ਚੋਣਾਂ ਲਈ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਇਕ ਰੋਡ ਸ਼ੋਅ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਚੰਗੇ ਬੰਦਿਆਂ ਨੂੰ ਜਿਤਾਕੇ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਲੋਕਤੰਤਰ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ, ਸਫਾਈ ਵਿਵਸਥਾ ਦੇ ਲਈ ਜ਼ਰੂਰੀ ਹੈ ਕਿ ਚੰਗੇ ਬੰਦਿਆਂ ਨੂੰ ਜਿਤਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਇਕ ਬਦਲਾਅ ਦਾ ਮੌਕਾ ਹੈ, ਜਦੋਂ ਕਿ ਰਿਵਾਇਤੀ ਪਾਰਟੀਆਂ ਅਕਾਲੀ, ਭਾਜਪਾ ਅਤੇ ਕਾਂਗਰਸ ਵੱਲੋਂ ਸਥਾਨਕ ਸਰਕਾਰਾਂ ਵਿੱਚ ਪਾਏ ਗਏ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਝਾੜੂ ਦਾ ਬਟਨ ਦਬਾਕੇ ਸਾਫ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਗਲੀ, ਮੁਹੱਲੇ ਦੀ ਸਫਾਈ ਵਿਵਸਥਾ, ਗਲੀਆਂ-ਨਾਲੀਆਂ, ਸਟਰੀਟਾਂ ਲਈਟਾਂ ਤੇ ਹੋਰ ਕੰਮ ਕਰਾਉਣ ਲਈ ਜ਼ਰੂਰੀ ਹੈ ਕਿ ਇਮਾਨਦਾਰ ਅਤੇ ਯੋਗ ਵਿਅਕਤੀਆਂ ਨੂੰ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਕੰਮਾਂ ਲਈ ਅੱਗੇ ਵਧਕੇ ਕੰਮ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਲੋਕਾਂ ਹੱਕਾਂ ਦੀ ਗੱਲ ਹਮੇਸ਼ਾਂ ਸੜਕ ਤੋਂ ਲੈ ਕੇ ਸੰਸਦ ਤੱਕ ਉਠਾਈ ਜਾ ਰਹੀ ਹੈ ਅਤੇ ਉਠਾਉਂਦੀ ਰਹੇਗੀ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਝਾੜੂ ਦਾ ਬਟਨ ਦਬਾਕੇ ਜਿਤਾਇਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ, ਕਾਂਗਰਸੀ ਆਪਣੇ ਬੰਦਿਆਂ ਨੂੰ ਮੂਹਰੇ ਲਾਕੇ ਇਕ ਵਾਰ ਚੋਣਾਂ ਜਿੱਤ ਲੈਂਦੇ ਹਨ, ਪਿਛੋਂ 5 ਸਾਲ ਤਰ੍ਹਾਂ ਤਰ੍ਹਾਂ ਦੇ ਭ੍ਰਿਸ਼ਟਾਚਾਰ ਕਰਕੇ ਲੋਕਾਂ ਨੂੰ ਲੁੱਟਦੇ ਰਹਿੰਦੇ ਹਨ। ਅਜਿਹੀ ਭ੍ਰਿਸ਼ਟਾਚਾਰ ਬਿਮਾਰੀ ਤੋਂ ਮੁਕਤੀ ਪਾਉਣ ਲਈ ਹੁਣ 14 ਫਰਵਰੀ ਨੂੰ ਮੌਕਾ ਹੈ, ਇਸ ਦਿਨ ਝਾੜੂ ਨੂੰ ਜਿਤਾਕੇ ਕਾਂਗਰਸੀਆਂ, ਅਕਾਲੀਆਂ ਵੱਲੋਂ ਪਾਈ ਗਈ ਗੰਦਗੀ ਨੂੰ ਸਾਫ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸੂਬਾ ਖਜ਼ਾਨਚੀ ਨੀਨਾ ਮਿੱਤਲ ਤੋਂ ਇਲਾਵਾ ਸਥਾਨਕ ‘ਆਪ’ ਆਗੂ ਵੀ ਹਾਜ਼ਰ ਸਨ।





















