ਕਿਸਾਨਾਂ ਤੇ ਕਾਲੇ ਖੇਤੀ ਕਾਨੂੰਨ ਸਾਜਿਸ਼ ਤਹਿਤ ਥੋਪੇ ਜਾ ਰਹੇ : ਜਥੇਦਾਰ ਬ੍ਰਹਮਪੁਰਾ
ਵੱਡੇ ਪੂੰਜੀਪਤੀਆਂ ਦੀ ਅੱਖ ਕਿਸਾਨਾਂ ਦੀਆਂ ਜਮੀਨਾਂ ਤੇ: ਰਣਜੀਤ ਸਿੰਘ ਬ੍ਰਹਮਪੁਰਾ
ਪਿੰਡਾਂ ਦੇ ਪੱਧਰ ਤੇ ਲੋਕਾਂ ਚ ਜਾਗਰੂਕਤਾ ਜਰੂਰੀ: ਰਣਜੀਤ ਸਿੰਘ ਬ੍ਰਹਮਪੁਰਾ

ਤਰਨਤਾਰਨ 7 ਫਰਵਰੀ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌੌਰਾ ਕਰਨ ਉਪਰੰਤ ਪਿੰਡ ਬ੍ਰਹਮਪੁਰੇ ਪੁੱਜੇ, ਜਿੱਥੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਖਦਿਆਂ ਮਸਲਿਆਂ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਇਸ ਸਮੇ ਪੂਰੀ ਦੁਨੀਆ ਚ ਭੱਖ ਗਿਆ ਹੈ ਪਰ ਮੋਦੀ ਸਰਕਾਰ ਨਾ ਤਾਂ ਕਿਸਾਨਾਂ ਨੂੰ ਰਾਹਤ ਦੇ ਰਹੀ ਹੈ ਤੇ ਨਾ ਹੀ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੇ ਰੋਅ ਚ ਲੱਗ ਰਹੀ ਹੈ । ਉਨਾ ਮੁਤਾਬਕ ਕਿਸਾਨੀ ਸੰਘਰਸ਼ ਨੂੰ ਹੋਰ ਪਰਪੱਖ ਕਰਨ ਲਈ ਨਿਰੰਤਰ ਦਿੱਲੀ ਜਾਣ ਲਈ ਵਰਕਰਾਂ,ਅਹੁਦੇਦਾਰਾਂ ਦੀਆਂ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ । ਕਿਸਾਨ,ਮਜ਼ਦੂਰਾਂ ਨੂੰ ਆਪਣੇ ਪਰਿਵਾਰਾਂ ਸਮੇਤ ਦਿੱਲੀ ਦੀਆਂ ਬਹੂਰਾਂ ਤੇ ਬੈਠਿਆ ਕਰੀਬ ਢਾਈ ਮਹੀਨੇ ਤੋ ਵੱਧ ਦਾ ਸਮਾ ਹੋ ਗਿਆ ਹੈ , ਕਰੀਬ 150 ਤੋ ਵੱਧ ਕਿਸਾਨ ਸ਼ਹੀਦੀਆਂ ਦਾ ਜਾਮ ਪੀ ਗਏ ਹਨ ਪਰ ਮੋਦੀ ਸਰਕਾਰ ਕੋਈ ਸਾਰ ਨਹੀ ਲੈ ਰਹੀ । ਉਨਾ ਕਿਹਾ ਕਿ ਮੋਦੀ ਸਰਕਾਰ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਰਹੀ ਹੈ ਪਰ ਜਦ ਕਿਸਾਨਾਂ ਨੂੰ ਇਨਾ ਕਾਨੂੰਨਾਂ ਚ ਕੋਈ ਦਿਲਚਸਪੀ ਹੀ ਨਹੀ ਤਾਂ ਫਿਰ ਉਕਤ ਕਾਨੂੰਨਾਂ ਅੰਨਦਾਤੇ ਉੱਪਰ ਕਿਉ ਥੋਪੇ ਜਾ ਰਹੇ ਹਨ। ਇਸ ਦਾ ਮੁੱਖ ਏਜੰਡਾ ਇਹੀ ਹੈ ਕਿ ਖੇਤੀਬਾੜੀ ਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਤਾਂ ਜੋ ਪੂੰਜੀਪਤੀਆਂ ਨੂੰ ਉਪਜਾਊ ਜਮੀਨਾਂ ਦਿੱਤੀਆਂ ਜਾਣ, ਜੋ ਕਿਸੇ ਵੀ ਕੀਮਤ ਤੇ ਨਹੀ ਹੋਣ ਦਿੱਤਾ ਜਾਵੇਗਾ । ਉਨਾ ਮੋਦੀ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਸ਼ਾਂਤ ਹਲਾਤਾਂ ਨੂੰ ਅਸ਼ਾਂਤ ਕਰਨ ਲਈ ਉਹ ਨਿੱਤ ਕੋਝੀਆਂ ਚਾਲਾਂ ਖੇਡ ਰਹੇ ਹਨ ਜੋੋ ਕਿ ਲੋਕਤੰਤਰੀ ਮੁਲਕ ਚ ਬਰਦਾਸ਼ਤ ਨਹੀ ਕੀਤੀਆ ਜਾਣਗੀਆਂ । ਪਿੰਡ ਬ੍ਰਹਮਪੁਰਾ ਵਿਖੇ ਸ ਬ੍ਰਹਮਪੁਰਾ ਨੇ ਹਲਕੇ ਦੇ ਲੋਕਾਂ ਤੇ ਪਿੰਡ ਦੇ ਮੋਹਤਬਰਾਂ ਨਾਲ ਕਿਸਾਨੀ ਸੰਘਰਸ਼ ਨੂੰ ਹੋਰ ਪ੍ਰਫੁਲਿਤ ਕਰਨ ਚ ਅਹਿਮ ਬੈਠਕ ਕੀਤੀ ਤੇ ਫੈਸਲੇ ਲਏ ਗਏ ਕਿ ਜਦ ਤੱਕ ਦਿੱਲੀ ਚ ਕਿਸਾਨੀ ਅੰਦੋਲਨ ਚਲੇਗਾ ਉਦੋ ਤੱਕ ਹੀ ਵੱਧ ਤੋ ਵੱਧ ਜੱਥੇ ਭੇਜੇ ਜਾਣਗੇ ਤੇ ਪਿੰਡਾਂ ਦੇ ਪੱਧਰ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । ਇਸ ਮੌਕੇ ਸਾਬਕਾ ਐਮ ਐਲ ਏ ਸ ਰਵਿੰਦਰ ਸਿੰਘ ਬ੍ਰਹਮਪੁਰਾ ਤੋ ਇਲਾਵਾ ਰਘਬੀਰ ਸਿੰਘ ਰਿੰਕੂ,ਕੰਵਰ ਬ੍ਰਹਮਪੁਰਾ,ਮੋਹਨ ਸਿੰਘ ਸਰਪੰਚ, ਦੁੱਲਾ ਸਿੰਘ,ਅਜੀਤ ਸਿੰਘ, ਸੰਤੋਖ ਸਿੰਘ ਫੌਜੀ,ਹੀਰਾ ਸਿੰਘ,ਮੰਗਲ ਸਿੰਘ, ਗੁਰਵੇਲ ਸਿੰਘ ਤੇ ਕੁਲਬੀਰ ਸਿੰੰਘ ਆਦਿ ਹਾਜਰ ਸਨ ।






















