ਡੀ. ਸੀ. ਬਠਿੰਡਾ ਵੱਲੋਂ ਮਿਲਣ ਤੋਂ ਆਨਾਕਾਨੀ ਕਰਨ ਤੇ ਮਿੰਨੀ ਸਕੱਤਰੇਤ ਦੇ ਗੇਟ ਤੇ ਕੀਤੀ ਗਈ ਜ਼ੋਰਦਾਰ ਨਾਅਰੇਬਾਜ਼ੀ*

ਬਠਿੰਡਾ, 5 ਫਰਵਰੀ ( ਕੁਲਬੀਰ ਬੀਰਾ )-ਪੰਜਾਬ ਦੇ ਇਕਲੌਤੇ ਸਰਕਾਰੀ ਖੇਡ ਸਕੂਲ, ਸਪੋਰਟਸ ਸਕੂਲ ਘੁੱਦਾ ਦੀ ਹੋਂਦ ਨੂੰ ਲੈ ਕੇ ਸਕੂਲ ਦੇ ਸਮੂਹ ਸਟਾਫ਼ ਵੱਲੋਂ ਵੱਖ-ਵੱਖ ਜਥੇਬੰਦੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕੱਤਰਤਾ ਬਠਿੰਡਾ ਦੇ ਡੀ ਸੀ ਦਫਤਰ ਸਾਹਮਣੇ ਕੀਤੀ ਗਈ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਟੀਚਰ ਯੂਨੀਅਨਾਂ ਦੇ ਆਗੂ ਵੀ ਸ਼ਾਮਲ ਹੋਏ। ਵੱਡੀ ਗਿਣਤੀ ਵਿੱਚ ਜੁੜੇ ਇਲਾਕੇ ਦੇ ਲੋਕਾਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਵੇਂ 2011 ਵਿਚ ਸਥਾਪਤ ਕੀਤੇ ਵਿਸ਼ੇਸ਼ ਸਹੂਲਤਾਂ ਨਾਲ ਲੈਸ ਪੰਜਾਬ ਦਾ ਇਕੋ ਇਕ ਸਪੋਰਟਸ ਸਕੂਲ, ਘੁੱਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਪਣੇ ਬਚਪਨ ਵਿੱਚ ਹੀ ਦਮ ਤੋੜ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਸਕੂਲ ਦੇ ਸਟਾਫ ਨੂੰ ਤਨਖਾਹ ਨਹੀਂ ਮਿਲੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਲਾਕੇਹ ਵਿਚ ਪੈਂਦੇ ਇਸ ਸਰਕਾਰੀ ਖੇਡ ਸਕੂਲ ਨੂੰ 2017 ਤੋਂ ਬਾਅਦ ਸਕੂਲ ਨੂੰ ਕੋਈ ਵੀ ਸਰਕਾਰੀ ਫੰਡ ਨਹੀਂ ਦਿੱਤਾ ਗਿਆ ਹੈ। ਜਿਸ ਕਾਰਨ ਵਿਦਿਆਰਥੀਆਂ ਦੀ ਡਾਈਟ ਉਪਰ ਕੱਟ ਲਗਾਇਆ ਗਿਆ ਹੈ ਅਤੇ ਅਧਿਆਪਕਾਂ ਦੀਆਂ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਸਪੋਰਟਸ ਸਕੂਲ ਘੁੱਦਾ ਨੇ ਜਿਸ ਪਾਸੇ ਅਕੈਡਮਿਕ ਖੇਤਰ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਉਥੇ ਖੇਡਾਂ ਦੇ ਖੇਤਰ ਵਿੱਚ ਇਸ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਤਕ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਪ੍ਰੰਤੂ ਹੁਣ ਇਹ ਸਕੂਲ ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਿਹਾ ਹੈ। ਗ਼ਰੀਬ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਖੇਡ ਸਹੂਲਤਾਂ ਦੇਣ ਵਾਲਾ ਇਹ ਸਕੂਲ ਉਨ੍ਹਾਂ ਤੋਂ ਖੋਹਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਅਸਲ ਵਿਚ ਇਕ ਗਿਣੀ ਮਿਥੀ ਨੀਤੀ ਦੇ ਤਹਿਤ ਭਾਰਤ ਦੇ ਸਾਰੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਅਮਲ ਨੂੰ ਤੇਜ਼ ਕੀਤਾ ਹੋਇਆ ਹੈ। ਜਿਸ ਦੇ ਨਤੀਜਾ ਇਸ ਸਕੂਲ ਵਿੱਚ ਪਡ਼੍ਹਦੇ ਅਤਿ ਗ਼ਰੀਬ ਤਬਕੇ ਦੇ ਵਿਦਿਆਰਥੀਆਂ ਤੋਂ 5000 ਰੁਪਏ ਪ੍ਰਤੀ ਮਹੀਨਾ ਉਗਰਾਹੀ ਕਰਨ ਦੀ ਤਜਵੀਜ਼ ਸਮੇਤ ਇਸ ਸਕੂਲ ਨੂੰ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਣ ਤਜਵੀਜ਼ ਰੱਖੀ ਗਈ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਸਿੱਖਿਆ ਦੇ ਇਸ ਖੇਤਰ ਨੁੂੰ ਮੁਨਾਫੇ ਖੇਤਰ ਵਿੱਚ ਤਬਦੀਲ ਕਰਨ ਲਈ ਪੂਰੀ ਤਰ੍ਹਾਂ ਤਹੂ ਹੋਈ ਬੈਠੀ ਹੈ।
29 ਜਨਵਰੀ ਨੂੰ ਤਨਖਾਹਾਂ ਅਤੇ ਸਕੂਲ ਸੰਬੰਧੀ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਭੇਜੀ ਪ੍ਰਪੋਜ਼ਲ ਦੇ ਸੰਬੰਧ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਸਟਾਫ ਦਾ ਵਫ਼ਦ ਦੁਬਾਰਾ ਗੱਲਬਾਤ ਕਰਨ ਲਈ ਗਿਆ ।ਪਰ ਡਿਪਟੀ ਕਮਿਸ਼ਨਰ ਬਠਿੰਡਾ ਨਹੀਂ ਮਿਲੇ ।ਫਿਰ ਤਹਿਸੀਲਦਾਰ ਬਠਿੰਡਾ ਨੂੰ ਮਿਲਵਾਇਆ ਗਿਆ ਪਰ ਉਨ੍ਹਾਂ ਨੇ ਵੀ ਮੰਗ ਪੱਤਰ ਲੈ ਕੇ ਰੱਖ ਲਿਆ ਤੇ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ।
ਅੱਜ ਵੀ ਜਦੋਂ ਸਾਰੀਆਂ ਜਥੇਬੰਦੀਆਂ ਦਾ ਡੈਪੂਟੇਸ਼ਨ ਡੀ.ਸੀ. ਬਠਿੰਡਾ ਨੁੂੰ ਮਿਲਣ ਲਈ ਅੱਗੇ ਵਧਿਆ ਤਾਂ ਪ੍ਰਸ਼ਾਸ਼ਨ ਵੱਲੋਂ ਮਿੰਨੀ ਸਕੱਤਰੇਤ ਦੇ ਗੇਟ ਬੰਦ ਕਰ ਲਏ। ਜਿਸ ਕਾਰਨ ਮਿਲਣ ਗਿਆ ਡੈਪੂਟੇਸ਼ਨ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਹੀ ਡਟ ਗਿਆ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਇਸ ਰਵੱਈਏ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਡੀ.ਸੀ. ਬਠਿੰਡਾ ਦੀ ਸਰਕਾਰੀ ਰਿਹਾਇਸ਼ ਵੱਲ ਜਦ ਡੈਪੂਟੇਸ਼ਨ ਵਧਣ ਲੱਗਿਆ ਤਾਂ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਅਤੇ ਤਹਿਸੀਲਦਾਰ ਬਠਿੰਡਾ ਸ੍ਰੀ ਸੁਖਵੀਰ ਸਿੰਘ ਬਰਾੜ ਨਾਲ ਮੀਟਿੰਗ ਕਰਵਾ ਕੇ ਡੀ.ਸੀ. ਬਠਿੰਡਾ ਨਾਲ ਮੀਟਿੰਗ ਦਾ ਸਮਾਂ ਤੈਅ ਕਰਵਾਇਆ ਗਿਆ।
ਇਸ ਡੈਪੂਟੇਸ਼ਨ ਵਿਚ ਆਈਆਂ ਵੱਖ ਵੱਖ ਜਥੇਬੰਦੀਆਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਸਰਕਾਰ ਦੀ ਇਸ ਘਟੀਆ ਨੀਤ ਅਤੇ ਨੀਤੀ ਦੀ ਨਿੰਦਾ ਕੀਤੀ ਅਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਿਚ ਤਨੋਂ-ਮਨੋਂ-ਧਨੋਂ ਸਾਥ ਦੇਣ ਦੀ ਹਮਾਇਤ ਕੀਤੀ।
ਡੈਪੂਟੇਸ਼ਨ ਵਿੱਚ ਸਕੂਲ ਸਟਾਫ ਵਲੋਂ ਗਗਨਦੀਪ ਸਿੰਘ ਹਰਦੀਪ ਸਿੰਘ ਮਨਪ੍ਰੀਤ ਸਿੰਘ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਤੋਂ ਰੇਸ਼ਮ ਸਿੰਘ, ਅਧਿਆਪਕ ਦਲ ਤੋਂ ਜਗਤਾਰ ਸਿੰਘ ਬਾਠ, ਐੱਸ ਐੱਸ ਰਮਸਾ ਹਰਜੀਤ ਸਿੰਘ ਜੀਦਾ ਅਪਰ ਅਪਾਰ ਸਿੰਘ, ਸਰਕਾਰੀ ਸਕੂਲ ਲੈਬਾਰਟਰੀ ਸਟਾਫ ਯੂਨੀਅਨ ਤੋਂ ਗੁਰਵਿੰਦਰ ਸਿੰਘ ਨੌਜਵਾਨ ਭਾਰਤ ਸਭਾ ਤੋਂ ਅਸ਼ਵਨੀ ਘੁੱਦਾ ਮਗਨਰੇਗਾ ਕਰਮਚਾਰੀ ਯੂਨੀਅਨ ਤੋਂ ਵਰਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜਗਸੀਰ ਸਿੰਘ ਝੁੰਬਾ, ਇਹ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ ਨੂੰ ਬਠਿੰਡਾ ਤੋਂ ਗੁਰਵਿੰਦਰ ਸਿੰਘ ਪੰਨੂ, ਟੈਕਨੀਕਲ ਸਰਵਿਸਿਜ਼ ਯੂਨੀਅਨ ਤੋਂ ਸਤਵਿੰਦਰ ਸੋਨੀ, ਜਮਹੂਰੀ ਅਧਿਕਾਰ ਸਭਾ ਤੋਂ ਪ੍ਰਿਤਪਾਲ ਸਿੰਘ, ਪੰਜਾਬੀ ਸਾਹਿਤ ਸਭਾ ਤੋਂ ਜਸਪਾਲ ਸਿੰਘ ਮਾਨਖੇੜਾ ਆਦਿ ਆਗੂਆਂ ਤੋਂ ਬਿਨਾਂ ਵੱਡੀ ਗਿਣਤੀ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਸ਼ਾਮਿਲ ਹੋਏ।






















