
ਚੰਡੀਗੜ੍ਹ, 29 ਜਨਵਰੀ( ਵਿਸ਼ਵ ਵਾਰਤਾ )-ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਆਜ ਤੱਕ ਚੈਨਲ ਵੱਲੋਂ ਸਿੱਖਾਂ ਦੇ ਵਿਰੁਧ ਚਲਾਏ ਜਾ ਰਹੇ ਵੰਡ-ਪਾਊ ਏਜੰਡੇ ਦੇ ਖਿਲਾਫ਼ ਦਿੱਲੀ ਹਾਈਕੋਰਟ ਵਿੱਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਜਿਸ ਨੂੰ ਅਦਾਲਤ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ ਅਤੇ ਇਸ ਸਬੰਧ ਵਿੱਚ ਅਗਲੀ ਸੁਣਵਾਈ ਇਕ ਫ਼ਰਵਰੀ ਨਿਰਧਾਰਿਤ ਕੀਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ `ਤੇ ਰਾਮ ਮੰਦਰ ਦੀ ਇਕ ਝਾਕੀ ਕੱਢੀ ਗਈ ਸੀ। ਜਿਸਦਾ ਇੱਕ ਗੁੰਬਦ ਟੁੱਟਿਆਂ ਹੋਇਆ ਸੀ ਅਤੇ ਇਸ ਨੂੰ ਕੌਮੀ ਚੈਨਲ ਆਜ ਤੱਕ ਵੱਲੋਂ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਜਿਵੇਂ ਇਹ ਕਾਰਵਾਈ ਕਿਸੇ ਸਿੱਖ ਨੇ ਕੀਤੀ ਹੈ। ਉਕਤ ਚੈਨਲ ਵੱਲੋਂ ਸਿੱਖ਼ਾਂ ਨੂੰ ਬਦਨਾਮ ਕਰਨ ਦੀ ਕੋਝੀ ਹਰਕਤ ਦੇ ਵਿਰੁਧ ਉਨ੍ਹਾ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਹਰੇਕ ਧਰਮ ਦਾ ਸਨਮਾਨ ਕਰਦੇ ਹਨ ਅਤੇ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਭਤੋਂ ਵਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਕ ਕੌਮੀ ਚੈਨਲ ਵੱਲੋਂ ਇਸ ਘਟਨਾ ਨੂੰ ਫਿਰਕੂ ਰੰਗਤ ਦੇਣਾ ਸ਼ੋਭਾ ਨਹੀ ਦਿੰਦਾ ਹੈ। ਮੀਡੀਆ ਨੂੰ ਅਜਿਹੀ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਦੇਸ਼ ਵਿੱਚ ਅਸ਼ਾਂਤੀ ਪੈਦਾ ਹੋਵੇ ਅਤੇ ਆਪਸੀ ਭਾਈਚਾਰੇ ਨੂੰ ਢਾਹ ਲੱਗੇ।






















