ਮੋਦੀ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਹਿੰਸਕ ਤੇ ਵੱਖਵਾਦੀ ਮੋੜਾ ਦੇਣਾ ਬਹੁਤ ਮਹਿੰਗਾ ਪਵੇਗਾ : ਭੋਮਾ

ਚੰਡੀਗੜ੍ਹ 29 ਜਨਵਰੀ ( ਵਿਸ਼ਵ ਵਾਰਤਾ )-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਰਾਹੀਂ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੀ ਅੜੀ ਤੇ ਅੰਬਾਨੀ, ਅੰਡਾਨੀ ਨਾਲ ਯਾਰੀ ਪੁਗਾਉਣ ਲਈ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਹਿੰਸਕ ਤੇ ਵੱਖਵਾਦੀ ਮੋੜਾ ਦੇ ਕੇ ਦੇਸ਼ ਨੂੰ ਬਲਦੀ ਅੱਗ ਦੀ ਭੱਠੀ ਵਿੱਚ ਝੋਕਣ ਦੀ ਖਤਰਨਾਕ ਖੇਡ ਰਹੇ ਹਨ ।ਇਹੋ ਖੇਡ ਇੰਦਰਾਂ ਗਾਂਧੀ ਨੇ ਅਨੰਦਪੁਰ ਦੇ ਮਤੇ ਨੂੰ ਵੱਖਵਾਦੀ ਪ੍ਰਚਾਰ ਕੇ ਦੇਸ਼ ਤੇ ਪੰਜਾਬ ਵਿੱਚ ਅੱਗ ਲਾਈ ਸੀ ਜਿਸਦਾ ਖਮਿਆਜ਼ਾ ਉਸਨੂੰ ਖੁਦ ਵੀ ਭੁਗਤਣਾ ਪਿਆ ।
ਉਹਨਾਂ ਕਿਹਾ ਮੋਦੀ ਸਰਕਾਰ 11ਗਿਆਰਾਂ ਗੇੜਾ ਦੀ ਕਿਸਾਨਾਂ ਨਾਲ ਗੱਲਬਾਤ ਦਾ ਢਕਵੰਜ ਇਸ ਤਰ੍ਹਾਂ ਰਚਦੀ ਆਈਂ ਹੈ ਜਿਵੇਂ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਨਾਲ ਗੱਲਬਾਤ ਦਾ ਢੌਂਗ ਰਚਾਇਆ ਸੀ ਪਰ ਪਰਦੇ ਪਿੱਛੇ ਉਹ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਰਹੀ ਸੀ । ਇਸੇ ਤਰ੍ਹਾਂ ਪਰਦੇ ਪਿੱਛੇ ਮੋਦੀ ਸਰਕਾਰ ਕਿਸਾਨ ਅੰਦੋਲਨ ਤੇ ਲੀਡਰਸ਼ਿਪ ਤੇ ਹਰ ਪਾਸਿਓਂ ਹਮਲੇ ਤੇਜ਼ ਕਰ ਦਿੱਤੇ ਹਨ । ਉਹਨਾਂ ਕਿਹਾ ਹੁਣ ਕਿਸਾਨ ਸੰਘਰਸ਼ ਤਾਂ ਖਤਮ ਨਹੀਂ ਹੋਣਾ ਪਰ ਮੋਦੀ ਸਰਕਾਰ ਦਾ ਸਿਆਸੀ ਤੌਰ ਤੇ ਜਰੂਰ ਭੋਗ ਪੈ ਜਾਵੇਗਾ । ਉਹਨਾਂ ਕਿਹਾ ਪੰਜਾਬ ਤੇ ਦੇਸ਼ ਵਾਸੀਆਂ ਲਈ ਕਿਸਾਨ ਅੰਦੋਲਨ ਬਚਾਉਣਾਂ ਤੇ ਜਿੱਤਣਾ ਬਹੁਤ ਜ਼ਰੂਰੀ ਹੋ ਗਿਆ ਹੈ । ਅੱਜ ਸਿੰਘੂ ਬਾਰਡਰ ਤੇ ਭਾਰਤੀ ਜਨਤਾ ਪਾਰਟੀ ਤੇ ਆਰ ਐੱਸ ਐੱਸ ਦੇ ਬੰਦਿਆਂ ਵਲੋਂ ਕਿਸਾਨਾਂ ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਮੋਦੀ ਸਰਕਾਰ ਨੂੰ ਇਹ ਹੱਥਕੰਡੇ ਬਹੁਤ ਮਹਿੰਗੇ ਪੈਣਗੇ ।ਅਕਾਲੀ ਆਗੂ ਨੇ ਕਿਹਾ ਸ਼ਹੀਨ ਬਾਗ ਵਾਲੀ ਹਰਕਤ ਮੋਦੀ ਸਰਕਾਰ ਦੀ ਹਰ ਥਾਂ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਸਾਰਾ ਦੇਸ਼ ਹੁਣ ਭਾਜਪਾ ਦੀਆਂ ਫੁਟ ਪਾਊ ਨੀਤੀਆਂ ਤੋਂ ਸੁਚੇਤ ਹੋ ਚੁਕਾ ਹੈ ਅਤੇ ਕਿਸਾਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ।ਉਹਨਾ ਕਿਹਾ ਆਰ ਐਸ ਐਸ ਭਾਜਪਾ ਨਾਲ ਮਿਲ ਕੇ ਕਿਸਾਨਾ ਨਾਲ ਦਿੱਲੀ ਯੂਨੀਵਰਸਟੀ ਦੇ ਵਿਦਿਆਰਥੀਆਂ ਦੀ ਕੁਟਮਾਰ ਵਾਲੀ ਸਾਜਿਸ਼ ਰੱਚ ਰਹੀ ਹੈ ਜਿਸ ਦੀ ਸ਼ੁਰੂਆਤ ਸਿੰਘੂ ਬਾਰਡਰ ਤੇ ਸਥਾਨਕ ਲੋਕਾਂ ਦੇ ਭੇਸ ਵਿੱਚ ਆਰ ਐਸ ਐਸ ਤੇ ਭਾਜਪਾ ਦੇ ਬੰਦੇ ਭੇਜ ਕੇ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਮੋਦੀ ਸਰਕਾਰ ਕਿਸਾਨ ਮਾਰੂ ਕਨੂੰਨ ਰੱਦ ਕਰੇ ਇਸੇ ਵਿੱਚ ਮੋਦੀ ਸਰਕਾਰ ਤੇ ਦੇਸ਼ ਦਾ ਭਲਾ ਹੈ ।






















