26 ਜਨਵਰੀ ਦੀਆਂ ਘਟਨਾਵਾਂ ਤੇ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ
ਘਟਨਾਵਾਂ ਨਾਲ ਸੰਬੰਧਿਤ ਲੋਕਾਂ ਖਿਲਾਫ ਸਖਤੀ ਨਾਲ ਕਾਰਵਾਈ ਸ਼ੁਰੂ
ਪੁਲਿਸ ਕਮਿਸ਼ਨਰ ਨੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦੇ ਹੁਕਮ ਕੀਤੇ ਜਾਰੀ
ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਖਿਲਾਫ ਵੀ ਨੋਟਿਸ ਜਾਰੀ
ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਪੁਲਿਸ ਵੱਲੋਂ ਤਲਾਸ਼ ਸ਼ੁਰੂ-ਦੋਨੋਂ ਹੋਏ ਰੂਹਪੋਸ਼
ਦੋਵਾਂ ਨੇ ਵੀਡੀਓ ਜਾਰੀ ਕਰਕੇ ਬੇਗੁਨਾਹ ਹੋਣ ਦੇ ਦਿੱਤੀ ਸਫਾਈ
ਸਾਰੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਜਾ ਰਹੀ ਹੈ ਐਸ.ਆਈ.ਟੀ
ਨਵੀਂ ਦਿੱਲੀ, 28ਜਨਵਰੀ(ਵਿਸ਼ਵ ਵਾਰਤਾ)- ਬੀਤੀ 26ਜਨਵਰੀ ਨੂੰ ਦਿੱਲ਼ੀ ਵਿਖੇ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਦਿੱਲੀ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਖਿਲਾਫ ਗ੍ਰਫਿਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਤੇ ਪੁਲਿਸ ਨੇ ਦੋਵਾਂ ਦੀ ਸਰਗਰਮੀ ਨਾਲ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਦੋਨਾਂ ਖਿਲਾਫ ਦੋਸ਼ ਹਨ ਕਿ ਉਹਨਾਂ ਨੇ 26 ਜਨਵਰੀ ਨੂੰ ਹੋ ਰਹੀ ਟਰੈਕਟਰ ਪਰੇਡ ਵਾਲੇ ਦਿਨ ਲੋਕਾਂ ਨੂੰ ਭੜਕਾਇਆ ਤੇ ਲਾਲ ਕਿਲ੍ਹੇ ਵੱਲ ਜਾਣ ਲਈ ਪਰੇਰਿਆ। ਦੀਪ ਸਿੱਧੂ ਨੇ ਤਾਂ ਲਾਲ ਕਿਲ੍ਹੇ ਤੇ ਕੇਸਰੀ ਅਤੇ ਕਿਸਾਨੀ ਝੰਡਾ ਲਹਿਰਾਉਣ ਵਿੱਚ ਵੀ ਮਦਦ ਕੀਤੀ। ਪੁਲਿਸ ਨੇ ਕਾਰਵਾਈ ਸੀਸੀਟੀਵੀ ਫੁਟੇਜ਼ ਅਤੇ ਇਹਨਾਂ ਵੱਲੋਂ 25 ਜਨਵਰੀ ਦੀ ਰਾਤ ਨੂੰ ਕੀਤੀਆਂ ਭੜਕਾਊ ਤਕਰੀਰਾਂ ਦੀਆਂ ਵੀਡੀਓ ਨੂੰ ਲੈ ਕੇ ਐਕਸ਼ਨ ਕੀਤਾ ਹੈ। ਜਦ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵੱਲੋਂ ਵੀਡੀਓ ਜਾਰੀ ਕਰਕੇ ਆਪਣੇ ਬੇਗੁਨਾਹ ਹੋਣ ਦੀਆਂ ਸਫਾਈਆਂ ਦਿੱਤੀਆਂ ਹਨ। ਦਿੱਲੀ ਪੁਲਿਸ ਨੇ ਇਹਨਾਂ ਦੋਨਾਂ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਦੇ ਸਾਰੇ ਪ੍ਰਮੁੱਖ ਲੀਡਰਾਂ ਨੂੰ ਵੀ ਨੋਟਿਸ ਭੇਜੇ ਹਨ ਅਤੇ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗੇ ਹਨ।























