
ਨਵੀਂ ਦਿੱਲੀ 26 ਜਨਵਰੀ ( ਵਿਸ਼ਵ ਵਾਰਤਾ )- :- ਟਰੈਕਟਰ ਪਰੇਡ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਤੋਂ ਬਾਗ਼ੀ ਹੋ ਕੇ ਪੁਲੀਸ ਰੋਕਾਂ ਤੋੜਦਿਆਂ ਲਾਲ ਕਿਲੇ ਤੇ ਝੰਡਾ ਲਹਿਰਾਉਣ ਤੋਂ ਬਾਅਦ ਹੋਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਗ੍ਰਹਿ ਮੰਤਰਾਲੇ ਦੀ ਮੀਟਿੰਗ ਦੌਰਾਨ ਵੱਡਾ ਫੈਸਲਾ ਲਿਆ ਗਿਆ ਹੈ । ਸੂਤਰਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਚੋਂ ਪਾਬੰਦੀ ਵਾਲੀਆਂ ਥਾਵਾਂ ਤੋਂ ਬਾਹਰ ਕੱਢਣ ਲਈ 10 ਕੰਪਨੀਆਂ CRPF ਤੇ 15 ਕੰਪਨੀਆਂ ਅਰਧ ਸੈਨਿਕ ਬਲਾਂ ਦੀਆਂ ਹੋਰ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ । ਦੂਜੇ ਪਾਸੇ ਹਰਿਆਣਾ ਸਰਕਾਰ ਨੇ ਵੀ ਇਸ ਘਟਨਾ ਤੋਂ ਬਾਅਦ ਫ਼ਰੀਦਾਬਾਦ ਸਮੇਤ ਦਿੱਲੀ ਦੇ ਨੇੜਲੇ ਜ਼ਿਲ੍ਹਿਆਂ ਚ ਧਾਰਾ ਦਫਾ 144 ਲਗਾਉਣ ਦੇ ਹੁਕਮ ਵੀ ਦਿੱਤੇ ਗਏ ਹਨ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਜਾਣ ਵਾਲੀ ਰੋਡਵੇਜ਼ ਸੇਵਾ ਵੀ ਬੰਦ ਕਰ ਦਿੱਤੀ ਹੈ । ਉਧਰ ਦਿੱਲੀ ਚ ਇੰਟਰਨੈੱਟ ਸੇਵਾਵਾਂ ਤੇ ਮੈਟਰੋ ਸੇਵਾਵਾਂ ਵੀ ਫ਼ਿਲਹਾਲ ਮੁਅੱਤਲ ਕਰ ਦਿੱਤੀਆਂ ਗਈਆਂ ਹਨ ।






















