ਮੇਰਾ ਸਾਥੀ, ਮੇਰਾ ਦੋਸਤ-ਕਾਮਰੇਡ ਮਨੋਹਰ ਲਾਲ

ਆਪਣੀ ਵਿਚਾਰਧਾਰਾ, ਕਹਿਣੀ-ਕਰਨੀ ਅਤੇ ਧੁੰਨ ਦਾ ਪੱਕਾ ਕਾਮਰੇਡ ਮਨੋਹਰ ਲਾਲ ਮਜ਼ਦੂਰਾਂ, ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਸੋਚਦਾ, ਲਿਖਦਾ ਅਤੇ ਸੰਘਰਸ਼ ਕਰਦਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਉਹ ਗਿਆਨ ਦਾ ਭੰਡਾਰ ਸੀ ਜਿਸ ਨੇ ਵੱਡੀਆਂ-ਵੱਡੀਆਂ ਅਕਾਦਮਿਕ ਡਿਗਰੀਆਂ ਲਏ ਵਗੈਰ ਗਿਆਨ ਦੇ ਸਮੁੰਦਰਾਂ ਦੇ ਸਮੁੰਦਰ ਡੀਕ ਲਾ ਕੇ ਪੀਤੇ ਹੋਏ ਸਨ। ਉਸ ਨੇ ਜਵਾਲਾ ਜੀ ਦੀਆਂ ਜੜਾਂ ਵਿੱਚ ਵਸੇ ਛੋਟੇ ਜਹੇ ਪਿੰਡ ਵਿੱਚੋਂ ਉੱਠ ਕੇ ਜਲੰਧਰ ਆ ਕੇ ਟਰੇਡ ਯੂਨੀਅਨ ਲਹਿਰ ਵਿੱਚ ਸਰਗਰਮੀ ਸ਼ੁਰੂ ਕੀਤੀ ਅਤੇ ਅਮੀ ਚੰਦ-ਪਿਆਰੇ ਲਾਲ ਫੈਕਟਰੀ ਦੇ ਇਤਿਹਾਸਕ ਸੰਘਰਸ਼ਾਂ ਦੀ ਅਗਵਾਈ ਕਰਨ ਤੋਂ ਇਲਾਵਾ ਲੀਡਰ ਫੈਕਟਰੀ ਅਤੇ ਹੋਰ ਅਨੇਕਾਂ ਮਜ਼ਦੂਰ ਸੰਘਰਸ਼ਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ। ਆਖੀਰ ਉਹ ਨੇ 70ਵਿਆਂ ਵਿੱਚ ਨਵਾਂ ਜ਼ਮਾਨਾ ਦੇ ਸੰਪਾਦਕੀ ਅਮਲੇ ਵਿੱਚ ਕੁੱਲਵਕਤੀ ਵਜੋਂ ਸ਼ਾਮਲ ਹੋ ਗਿਆ।
ਕਾਮਰੇਡ ਮਨੋਹਰ ਲਾਲ ਨਾਲ ਮੇਰਾ ਸਿੱਧਾ ਵਾਸਤਾ ਉਸ ਸਮੇਂ ਪਿਆ ਜਦੋਂ ਮੈਂ 1991 ਦੀਆਂ ਗਰਮੀਆਂ ਦੇ ਆਰੰਭ ਵਿੱਚ ‘ਨਵਾਂ ਜ਼ਮਾਨਾ’ ਦੀਆਂ ਪੌੜੀਆਂ ਚੜਿਆ। ਉਹ ਇੱਕ ਤੁਰਦਾ-ਫਿਰਦਾ ਇਨਸਾਈਕਲੋਪੀਡੀਆ ਸੀ। ਦੁਨੀਆ ਭਰ ਦੀ ਹਰ ਜਾਣਕਾਰੀ ਉਸ ਦੇ ਦਿਮਾਗ ਦਾ ਹਿੱਸਾ ਸੀ। ਉਸ ਦੇ ਹੁੰਦੇ ਹੋਏ ਕਿਸੇ ਡਿਕਸ਼ਨਰੀ ਵਗੈਰਾ ਦੀ ਕੋਈ ਲੋੜ ਨਹੀਂ ਸੀ। ਹਰੇਕ ਗੱਲ ਨਾਲ ਇਤਿਹਾਸਕ ਘਟਨਾਵਾਂ ਜੋੜਨ ਦੀ ਉਸ ਵਿੱਚ ਅਥਾਹ ਕਲਾ ਸੀ। ਹਰ ਕੋਈ ਕਿਸੇ ਵੀ ਮੁੱਦੇ ’ਤੇ ਡੂੰਘੇ ਗਿਆਨ ਦੇ ਵਾਸਤੇ ਉਸ ’ਤੇ ਨਿਰਭਰ ਸੀ। ਉਹ ਬਹੁਤ ਹੀ ਘੱਟ ਸਰੋਤਾਂ ਵਿੱਚ ਸਾਦਾ ਜੀਵਨ ਜਿਊਣ ਵਾਲਾ ਮਨੁੱਖ ਸੀ ਪਰ ਇਸ ਦੇ ਉਲਟ ਗਿਆਨ ਦੇ ਸਬੰਧ ਵਿੱਚ ਉਹ ਇੱਕ ਬਹੁਤ ਜ਼ਿਆਦਾ ਅਮੀਰ ਅਤੇ ਸ਼ਾਨਦਾਰ ਪ੍ਰਭਾਵ ਵਾਲਾ ਵਿਅਕਤੀ ਸੀ। ਇਸ ਦਾ ਪ੍ਰਗਟਾਵਾ ਉਸ ਦੇ ਬੋਲਣ ’ਤੇ ਹੁੰਦਾ ਸੀ। ਜਦੋਂ ਉਹ ਘਟਨਾਵਾਂ ਦੀਆਂ ਲੜੀਆਂ ਜੋੜਦਾ ਤਾਂ ਹਰੇਕ ਦੀ ਉਤਸੁਕਤਾ ਵਧਣ ਲੱਗਦੀ ਅਤੇ ਦੰਦ ਜੁੜ ਜਾਂਦੇ।
ਕਾਮਰੇਡ ਨਾਲ ਮੇਰੇ ਸਬੰਧਾਂ ਦੀਆਂ ਤੰਦਾਂ ਓਦੋਂ ਹੋਰ ਪੀਡੀਆਂ ਹੋ ਗਈਆਂ ਜਦੋਂ ਕਾਮਰੇਡ ਜਗਜੀਤ ਸਿੰਘ ਆਨੰਦ ਨੇ ਇੱਕ ਹੁਕਮ ਜਾਰੀ ਕਰਕੇ ਮੇਰਾ ਪਿੰਡ ਜਾਣਾ ਬੰਦ ਕਰ ਦਿੱਤਾ ਅਤੇ ਮੈਂ ‘ਨਵਾਂ ਜ਼ਮਾਨਾ’ ਵਿੱਚ ਡੇਰਾ ਲਾ ਲਿਆ। ਕਾਮਰੇਡ ਮਨੋਹਰ ਲਾਲ ਨਿਊਜ਼ ਰੂਮ ਨਾਲ ਬਣੀ ਪਲਾਈ ਦੀ ਦੀਵਾਰ ਵਾਲੇ ਕਮਰੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਉਸ ਦੇ ਕਮਰੇ ਵਿੱਚ ਘੁੰਮ ਕੇ ਪੌੜੀਆਂ ਵੱਲ ਦੀ ਜਾਣਾ ਪੈਂਦਾ ਸੀ। ਮੈਂ ਨਿਊਜ਼ ਰੂਮ ਵਿੱਚ ਹੀ ਮੰਜਾ ਡਾਹ ਕੇ ਸੌਂਦਾ ਸੀ। ਕਾਮਰੇਡ ਮਨੋਹਰ ਲਾਲ ਸਵੇਰੇ ਸੁੱਤੇ ਪਏ ਨੂੰ ਉਠਾ ਕੇ ਮੇਰੇ ਹੱਥ ਚਾਹ ਦਾ ਕੱਪ ਫੜਾਉਦਾ ਸੀ। ਉਹ ਅਜਿਹਾ ਸਮਾਂ ਸੀ ਜਦੋਂ ਮੈਂ ਆਵਾਜ਼ ਮਾਰਨ ’ਤੇ ਸੁੱਤਾ ਪਿਆ ਰਜਾਈ ਸਣੇ ਹੀ ਮੰਜੇ ’ਤੇ ਖੜ ਜਾਂਦਾ ਸੀ। ਪਹਿਲਾਂ-ਪਹਿਲਾਂ ਤਾਂ ਇੱਕ-ਦੋ ਵਾਰ ਚਾਹ ਹੀ ਡੁੱਲ ਗਈ। ਕਾਮਰੇਡ ਹਰੇਕ ਨੂੰ ਆਖਦਾ, “‘‘ਸੁੱਤੇ ਪਏ ਨੂੰ ਆਵਾਜ਼ ਮਾਰਨ ’ਤੇ ਕਾਮਰੇਡ ਮੰਜੇ ’ਤੇ ਹੀ ਫਨੀਅਰ ਸੱਪ ਵਾਂਗ ਸਿੱਧਾ ਖੜਾ ਹੋ ਜਾਂਦਾ।” ਅਸੀਂ ਇੱਕ ਦੂਜੇ ਨੂੰ ‘ਕਾਮਰੇਡ’ ਹੀ ਆਖਦੇ। ਕਾਮਰੇਡ ਉਰੇ-ਪਰੇ ਹੋਣ ਤੋਂ ਕਦੀ-ਕਦੀ ਕਾਕੂ, ਮੀਨਾ ਜਾਂ ਰੇਣੂ ਚਾਹ ਦੇਣ ਆਉਦੇ। ਕਾਮਰੇਡ ਨੇ ਉਨਾਂ ਨੂੰ ਵੀ, ਪਿੱਛੇ ਰਹਿ ਕੇ ਮੈਨੂੰ ਆਵਾਜ਼ ਮਾਰਨ ਲਈ ਨਿਰਦੇਸ਼ ਦਿੱਤੇ ਹੋਏ ਸਨ। ਕਾਮਰੇਡ ਬਹੁਤੀ ਵਾਰ ਘੁੰਮ ਕੇ ਮੈਨੂੰ ਚਾਹ ਦੇਣ ਆਉਦਾ ਅਤੇ ਕਈ ਵਾਰ ਰੁੱਝੇ ਹੋਣ ਕਾਰਨ ਉਸ ਦੇ ਵੇਹੜੇ ਵੱਲ ਨੂੰ ਖੁਲਦੇ ਸ਼ੀਸ਼ੇ ਦੇ ਝਰੋਖੇ ਵਿੱਚ ਦੀ ਕੱਪ ਫੜਾ ਦਿੰਦਾ। ਆਮ ਤੌਰ ’ਤੇ ਉਹ ਚਾਹ ਦੇਣ ਆਇਆ ਇੱਕ ਓਡਾ ਕੁ ਲੈਕਚਰ ਵੀ ਦੇ ਜਾਂਦਾ ਸੀ ਜਿਸ ਨਾਲ ਮੇਰਾ ਸਵੇਰੇ ਸਵੇਰ ਹਾਜ਼ਮਾ ਖ਼ਰਾਬ ਨਾ ਹੋਵੇ।
ਕਾਮਰਡੇ ਸਵੇਰ ਤੋਂ ਰਾਤ ਤੱਕ ਜਾਂ ਤਾਂ ਅਖ਼ਬਾਰਾਂ ਅਤੇ ਕਿਤਾਬਾਂ ਵਿੱਚ ਰੁੱਝਾ ਰਹਿੰਦਾ ਜਾਂ ਫਿਰ ਆਪਣੇ ਕਮਰੇ ਵਿੱਚ ਬੈਠਾ ਲਿਖਦਾ ਰਹਿੰਦਾ। ਉਹ ਸਵੇਰ ਤੋਂ ਸ਼ੁਰੂ ਹੁੰਦੀਆਂ ਮੀਟਿੰਗਾਂ ਵਿੱਚ ਬੈਠਦਾ ਅਤੇ ਤੁਰਿਆ ਫਿਰਦਾ ਹਰੇਕ ਨੂੰ ਗਿਆਨ ਦੇ ਛਿੱਟੇ ਦਿੰਦਾ ਰਹਿੰਦਾ। ਅਖ਼ਬਾਰਾਂ ਪੜਨ ਦਾ ਉਸ ਦਾ ਆਖਰੀ ਦੌਰ ਰਾਤ ਨੂੰ ਸ਼ੁਰੂ ਹੁੰਦਾ। ਉਸ ਵੇਲੇ ਮੈਂ ਵੀ ਆਪਣਾ ਕੰਮ ਮੁਕਾ ਕੇ 10 ਕੁ ਵਜੇ ਪਿੱਛੋਂ ਅਖ਼ਬਾਰਾਂ ਦੀ ਲੱਗੀ ਫਾਇਲ ਖੋਲ ਲੈਂਦਾ। ਕਾਮਰੇਡ ਗੇੜਾ ਮਾਰਨ ਆਉਦਾ ਅਤੇ ਚਲਾ ਜਾਂਦਾ। ਸਾਰੇ ਦਿਨ ਦਾ ਥੱਕਿਆ ਹੋਣ ਕਾਰਨ ਮੈਨੂੰ ਇੱਕ-ਦੋ ਆਰਟੀਕਲ ਪੜ ਕੇ ਹੀ ਝੋਕਾ ਆ ਜਾਂਦਾ ਅਤੇ ਬਹੁਤ ਵਾਰ ਫਾਇਲ ਮੇਰੇ ਉੱਪਰ ਪਈ ਰਹਿੰਦੀ। ਕਾਮਰੇਡ ਸੁੱਤੇ ਪਏ ਤੋਂ ਮੇਰੇ ਉੱਤੇ ਪਈ ਫਾਈਲ ਚੁੱਕ ਕੇ ਲੈ ਜਾਂਦਾ। ਮੇਰੇ ਤੋਂ ਲੱਥੀ ਰਜਾਈ ਵੀ ਦੇ ਜਾਂਦਾ ਅਤੇ ਸਵੇਰੇ ਨੂੰ ਹੱਸਦਾ-ਹੱਸਦਾ ਸਾਰਿਆਂ ਨੂੰ ਮੇਰੀਆਂ ਗੱਲਾਂ ਦੱਸਦਾ।
ਮੈਂ ਸਵੇਰ ਨੂੰ ਅਕਸਰ ਹੀ ਕਾਮਰੇਡ ਦੇ ਆਵਾਜ਼ ਮਾਰਨ ’ਤੇ ਹੀ ਉਠਦਾ। ਜਦੋਂ ਮੈਂ ਹੇਠਲੀ ਮੰਜ਼ਿਲ ’ਤੇ ਬਣੇ ਬਾਥ ਰੂਮ ਜਾਂਦਾ ਤਾਂ ਮਹੀਨੇ ’ਚ ਇੱਕ-ਅੱਧੀ ਵਾਰ ਅਖ਼ਬਾਰਾਂ ਦਾ ਬੰਡਲ ਓਥੇ ਪਿਆ ਹੁੰਦਾ। ਮੈਂ ਉਸ ਨੂੰ ਚੁੱਕੇ ਕੇ ਲੈ ਆਉਦਾ। ਇੱਕ ਵਾਰ ਜਦੋਂ ਮੈਂ ਅਖ਼ਬਾਰਾਂ ਦਾ ਬੰਡਲ ਚੁੱਕ ਕੇ ਉੱਪਰ ਆਇਆ ਤਾਂ ਕਾਮਰੇਡ ਆ ਗਿਆ। ਉਸ ਨੇ ਮੇਰੇ ਹੱਥੋਂ ਬੰਡਲ ਫੜਦੇ ਹੋਏ ਕਿਹਾ, ‘“ਕਾਮਰੇਡਾ, ਪਹਿਲਾਂ ਪੇਪਰ ਮੈਨੂੰ ਦੇਖ ਲੈਣ ਦੇ। ਜਦੋਂ ਕੋਈ ਪੇਪਰ ਪਹਿਲਾਂ ਖੋਲ ਲਵੇ ਤਾਂ ਮੈਨੂੰ ਲਗਦਾ ਇਹ ਜੂਠੇ ਹੋ ਗਏ। ਫਿਰ ਮੇਰੇ ਕੋਲੋਂ ਪੜੇ ਨਹੀਂ ਜਾਂਦੇ। ਇੱਕ ਵਾਰ ਸਫ਼ੇ ਉਲੱਦ ਲਵਾਂ ਤਾਂ ਫੇਰ ਜਿਹੜਾ ਮਰਜ਼ੀ ਦੇਖੀ ਜਾਵੇ। ਫਿਰ ਕੋਈ ਫ਼ਰਕ ਨਹੀਂ ਪੈਂਦਾ।’’” ਇਸ ਤੋਂ ਬਾਅਦ ਜਦੋਂ ਵੀ ਮੇਰੇ ਹੱਥ ਬੰਡਲ ਲੱਗਦਾ ਤਾਂ ਮੈਂ ਕਾਮਰੇਡ ਨੂੰ ਆਖਦਾ, ‘‘‘‘ਕਾਮਰੇਡ, ਜਲਦੀ-ਜਲਦੀ ਜੂਠੇ ਕਰੋ, ਫਿਰ ਮੈਂ ਵੀ ਬੁਰਕੀਆਂ ਭੰਨਣੀਆਂ।’’ ਕਾਮਰੇਡ ਮਿੰਨਾ ਜਿਹਾ ਹੱਸ ਛੱਡਦਾ ਪਰ ਠਾਹਕਾ ਨਾ ਲਾਉਦਾ।”
ਕਾਮਰੇਡ ਮੇਰੇ ਕਾਫ਼ੀ ਦੁਵਾਲੇ ਰਹਿੰਦਾ। ਵਾਰ ਵਾਰ ਤਿੱਖੀ ਸੁਰ ਵਿੱਚ ਨਸੀਅਤ ਅਤੇ ਸੇਧ ਦਿੰਦਾ ਪਰ ਝਿੜਕਣ ਵੇਲੇ ਆਵਾਜ਼ ਕਾਫ਼ੀ ਹੱਦ ਤੱਕ ਦੱਬ ਲੈਂਦਾ। ਉਸ ਨੇ ਮੈਨੂੰ ਸੰਕੀਰਣਤਾ ਵਿੱਚੋਂ ਕੱਢਣ ਅਤੇ ਵਿਸ਼ਾਲ ਚੌਖਟੇ ਵਿੱਚ ਰਹਿਕੇ ਸੋਚਣ ਦਾ ਆਧਾਰ ਮੁਹੱਈਆ ਕਰਾਇਆ ਅਤੇ ਮੇਰੇ ਗਿਆਨ ਵਿੱਚ ਵਾਧਾ ਕੀਤਾ। ਉਸ ਨੇ ਦੁਨੀਆਂ ਨੂੰ ਸਮਝਣ ਤੋਂ ਲੈ ਕੇ ਨਿੱਜੀ ਜੀਵਨ ਜਿਊਣ ਤੱਕ ਤੰਗੜਾਂ ਦੇ ਹਿਸਾਬ ਨਾਲ ਗਿਆਨ ਦਿੱਤਾ ਅਤੇ ਮੈਨੂੰ ਸਵੇਰ ਤੋਂ ਰਾਤ ਤੱਕ ਰੋਜ਼ਾਨਾ ਕਈ ਕਈ ਲੈਕਚਰ ਦਿੱਤੇ।
ਜਦੋਂ ‘ਨਵਾਂ ਜ਼ਮਾਨਾ’ ਨੂੰ ਬਾਰਾਂਦਰੀ ਵਿੱਚ ਇੱਕ ਮਕਾਨ ਮਿਲਿਆ ਤਾਂ ਉਹ ਰਹਿਣ ਲਈ ਕਾਮਰੇਡ ਨੂੰ ਦਿੱਤਾ ਗਿਆ। ਕਾਮਰੇਡ ਨੇ ਇਸ ਵਿੱਚ ਆਪਣੇ ਨਾਲ ਰਹਿਣ ਲਈ ਕੇਵਲ ਮੈਨੂੰ ਪੇਸ਼ਕਸ਼ ਹੀ ਨਹੀਂ ਕੀਤੀ ਸਗੋਂ ਵਾਰ ਵਾਰ ਜ਼ੋਰ ਵੀ ਲਾਇਆ। ਮੈਂ ‘ਨਵਾਂ ਜ਼ਮਾਨਾ’ ਵਿੱਚ ਹੀ ਜ਼ਿਆਦਾ ਠੀਕ ਹੋਣ ਦੀ ਗੱਲ ਆਖ ਕੇ ਕਾਮਰੇਡ ਦੀ ਪੇਸ਼ਕਸ਼ ਰੱਦ ਕਰ ਦਿੱਤੀ। ਕਾਮਰੇਡ ਨੇ ਫਿਰ ਸੋਚਣ ਲਈ ਗੱਲ ਮੇਰੇ ’ਤੇ ਛੱਡ ਦਿੱਤੀ। ਕਿਉਕਿ ਕਾਮਰੇਡ ਨੂੰ ਪਤਾ ਸੀ, ‘“‘ਜਿਸ ਤਰਾਂ ਆਪਣੀ ਗੱਲ ਤੋਂ ਮੈਂ ਨਹੀਂ ਮੁਚਦਾ, ਉਸੇ ਤਰਾਂ ਹੀ ਇਹ ਵੀ ਨਹੀਂ ਮੁਚਦਾ।’’’ ਅਸੀਂ ਬਹੁਤੀਆਂ ਗੱਲਾਂ ਵਿੱਚ ਇੱਕੋ-ਜਹੇ ਸੀ ਭਾਵੇਂ ਸਾਡੀ ਉਮਰ ਵਿੱਚ ਤਕਰੀਬਨ ਤਿੰਨ ਦਹਾਕਿਆਂ ਦਾ ਫ਼ਰਕ ਸੀ।
‘ਨਵਾਂ ਜ਼ਮਾਨਾ’ ਨੂੰ ਛੱਡਣ ਤੋਂ ਬਾਅਦ ਵੀ ਮੈਂ ਵਿਭਿੰਨ ਮਾਮਲਿਆਂ ’ਤੇ ਸੇਧ ਲਈ ਕਾਮਰੇਡ ’ਤੇ ਨਿਰਭਰ ਰਿਹਾ। ਉਹ ਮੈਨੂੰ ਹਮੇਸ਼ਾਂ ਹੀ ਰਾਹ ਦਿਖਾਉਂਦਾ ਰਿਹਾ। ਜਦੋਂ ਮੈਂ ਜਲੰਧਰ ਜਾਂਦਾ ਤਾਂ ਉਸ ਨੂੰ ਮਿਲੇ ਵਗੈਰ ਵਾਪਸ ਨਾ ਆਉਦਾ। ਮੇਰਾ ‘ਮੱਕਾ’ ਕਾਮਰੇਡ ਹੀ ਸੀ। ਪਿਛਲੇ ਸਵਾ ਕੁ ਸਾਲ ਤੋਂ ਮੈਂ ਸਿਹਤ ਦੇ ਕਾਰਨਾਂ ਕਰਕੇ ਕਾਮਰੇਡ ਨੂੰ ਮਿਲ ਨਾ ਸਕਿਆ ਪਰ ਮੈਂ ਲਗਾਤਾਰ ਫੋਨ ’ਤੇ ਉਸ ਤੋਂ ਅਨੇਕਾਂ ਮਾਮਲਿਆਂ ਵਿੱਚ ਸੇਧ ਲੈਂਦਾ ਰਿਹਾ। ਆਖਰੀ ਵਾਰ ਜਦੋਂ ਮੈਂ ਕਾਮਰੇਡ ਨੂੰ ਮਿਲਿਆ ਸੀ, ਓਦੋਂ ਵੀ ਉਹ ਮੰਜੇ ’ਤੇ ਬੈਠਾ ਆਲੇ-ਦੁਆਲੇ ਪਈਆਂ ਅਖ਼ਬਾਰਾਂ ਵਿੱਚ ਘਿਰਿਆ ਪਿਆ ਸੀ ਅਤੇ ਚੀਨ ਦੇ ਇਨਕਲਾਬ ਨਾਲ ਸਬੰਧਤ ਇੱਕ ਕਿਤਾਬ ਪੜ ਰਿਹਾ ਸੀ। ਕਾਮਰੇਡ ਨੂੰ ਅਖ਼ਬਾਰਾਂ ਅਤੇ ਕਿਤਾਬਾਂ ਤੋਂ ਬਿਨਾ ਉਨੀਦ ਨਹੀਂ ਸੀ ਆਉਦੀ। ਇਹ ਸੁਭਾਅ ਹੀ ਉਸ ਨੇ ਮੇਰਾ ਬਣਾ ਦਿੱਤਾ ਸੀ।
ਕਾਮਰੇਡ ਨੇ ਆਪਣੇ ਲੋਕਾਂ ਨੂੰ ਗਿਆਨ ਦੇ ਸਬੰਧ ਵਿੱਚ ਮਾਲਾ-ਮਾਲ ਕੀਤਾ। ਉਸ ਨੇ ਕਠਿਨ ਹਾਲਤਾਂ ਵਿੱਚ ਇਮਾਨਦਾਰੀ ਭਰਿਆ ਸ਼ਾਨਦਾਰ ਜੀਵਨ ਜੀਵਿਆ। ਉਹ ਆਪਣੇ ਪਿੱਛੇ ਇੱਕ ਵਿਸ਼ੇਸ਼ ਤਰਾਂ ਦਾ ਵਿਰਸਾ ਛੱਡ ਗਿਆ ਜੋ ਸਾਡਾ ਮਾਰਗ ਦਰਸ਼ਨ ਕਰਦਾ ਰਹੇਗਾ। ਉਸ ਦੇ ਪਾਕਿ ਦਾਮਨ ਦੇ ਸਬੰਧ ਵਿੱਚ ਮੈਂ ਤਾਂ ੲੋਹੋ ਹੀ ਕਹਾਂਗਾ-
ਜਿਵੇਂ ਦਾ ਦਾਮਨ ਲਿਆਇਆ ਸੀ, ਤਿਮੇਂ ਦਾ ਦਾਮਨ ਮੋੜ ਲਗਿਆ
ਵਿੱਚ ਝੱਖੜਾਂ ਦੇ ਤੁਰਿਆ-ਫਿਰਦਾ, ਇੱਕ ਵਿਰਸਾ ਪਿੱਛੇ ਛੋਡ ਗਿਆ।






















