ਹਥਿਆਰਬੰਦ ਲੁਟੇਰਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ

ਪਟਿਆਲਾ, ਜਨਵਰੀ( ਵਿਸ਼ਵ ਵਾਰਤਾ)-ਪਟਿਆਲਾ-ਭੁੰਨਰਹੇੜੀ ਸੜਕ ’ਤੇ ਸਥਿਤ ਪਿੰਡ ਕੂਲੇਮਾਜਰਾ ਵਿਖੇ ਮੇਨ ਰੋਡ ’ਤੇ ਪੈਂਦੇ ਸ਼ਰਾਬ ਦੇ ਠੇਕੇ ਨੂੰ ਹਥਿਆਰਬੰਦ ਲੁਟੇਰਿਆਂ ਨੇ ਬੀਤੀ ਰਾਤ ਲੁੱਟ ਲਿਆ।ਇਸ ਮੌਕੇ ਠੇਕਾ ਸੰਚਾਲਕ ਅਨਮੇਸ਼ ਗੋਇਲ ਨੇ ਦੱਸਿਆ ਕਿ ਬੀਤੀ ਰਾਤ 5 ਤੋਂ 6 ਹਥਿਆਰਬੰਦ ਲੁਟੇਰੇ ਠੇਕੇ ਦਾ ਸ਼ਟਰ ਤੋੜ ਕੇ ਅੰਦਰ ਸੁੱਤੇ ਪਏ ਉਹਨਾਂ ਦੇ ਸੇਲਜ਼ਮੈਨ ਸਤੀਸ਼ ਕੁਮਾਰ ਨੂੰ ਬੰਦਕ ਬਣਾ ਕੇ ਤਕਰੀਬਨ 2 ਲੱਖ ਦੀ ਅੰਗੇਜ਼ੀ, ਦੇਸੀ ਸ਼ਰਾਬ ਅਤੇ 7 ਹਜ਼ਾਰ ਦੇ ਕਰੀਬ ਨਗਦੀ ਲੁੱਟ ਕੇ ਦੋ ਗੱਡੀਆਂ ਵਿਚ ਲੁੱਟ ਦਾ ਮਾਲ ਭਰ ਕੇ ਪਟਿਆਲਾ ਵੱਲ ਨੂੰ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂ ਦੇ ਠੇਕੇ ’ਤੇ ਇਹ ਦੂਜੀ ਵਾਰਦਾਤ ਹੈ ਤੇ ਇਸ ਤੋਂ ਪਹਿਲਾਂ ਵੀ ਹਥਿਆਰਬੰਦ ਲੁਟੇਰਿਆਂ ਵਲੋਂ ਇਹ ਠੇਕਾ ਲੁੱਟਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਇਤਲਾਹ ਦਿੱਤੀ ਗਈ ਸੀ, ਜਿਸ ’ਤੇ ਮੌਕੇ ਦੀ ਥਾਂ ਦਾ ਜਾਇਜ਼ਾ ਲੈ ਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਠੇਕਾ ਸੰਚਾਲਕ ਨੇ ਜਿਲਾ ਪੁਲਸ ਮੁਖੀ ਅਤੇ ਥਾਣਾ ਮੁਖੀ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਨਿਤ ਹੋ ਰਹੀਆਂ ਲੁੱਟ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅਤੇ ਠੇਕੇਦਾਰਾਂ ਦੀ ਜਾਨ ਅਤੇ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।
।






















