
ਚੰਡੀਗੜ੍ਹ 21 ਜਨਵਰੀ( ਵਿਸ਼ਵ ਵਾਰਤਾ ) 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਕੀਤੀ ਜਾ ਰਹੀ ਕਿਸਾਨ ਪਰੇਡ ਦੀ ਰਿਹਰਸਲ/ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਦੂਜੇ ਦਿਨ 16 ਜਿਲ੍ਹਿਆਂ ਦੇ 1245 ਪਿੰਡਾਂ ਵਿੱਚ 15000 ਤੋਂ ਵੱਧ ਟ੍ਰੈਕਟਰਾਂ ਨਾਲ ਮੋਦੀ ਭਾਜਪਾ ਹਕੂਮਤ ਵਿਰੁੱਧ ਰੋਸ ਮਾਰਚ ਕੀਤੇ ਗਏ। ਇੱਥੋਂ ਜਾਰੀ ਕੀਤੇ ਗਏ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮਾਰਚ ਦੌਰਾਨ ਨੌਜਵਾਨ ਕਿਸਾਨਾਂ ਮਜ਼ਦੂਰਾਂ ਅੰਦਰ ਠਾਠਾਂ ਮਾਰਦਾ ਜੋਸ਼ ਤੇ ਉਤਸ਼ਾਹ ਮੋਦੀ ਭਾਜਪਾ ਦੀਆਂ ਸਿਆਸੀ ਜੜ੍ਹਾਂ ਨੂੰ ਡੂੰਘਾ ਚੀਰਾ ਦੇ ਰਿਹਾ ਹੈ ਅਤੇ ਇਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗਾ। ਕੁੱਝ ਜਿਲ੍ਹਿਆਂ ਵਿੱਚ ਇਹ ਮਾਰਚ ਕੱਲ੍ਹ ਨੂੰ ਵੀ ਕੀਤੇ ਜਾਣਗੇ। ਇਸ ਦੌਰਾਨ ਅੱਜ ਚੀਮਾ (ਬਰਨਾਲਾ) ਵਿਖੇ ਖੁਦ ਕੋਕਰੀ ਕਲਾਂ ਦੀ ਪ੍ਰਧਾਨਗੀ ਹੇਠਾਂ ਹੋਈ ਸੂਬਾਈ ਮੁਹਿੰਮ ਕਮੇਟੀ ਦੀ ਮੀਟਿੰਗ ਵਿੱਚ 23 ਜਨਵਰੀ ਨੂੰ ਖਨੌਰੀ ਅਤੇ ਡੱਬਵਾਲੀ ਤੋਂ ਦਿੱਲੀ ਵੱਲ ਕੂਚ ਕਰਨ ਵਾਲੇ ਵੱਡੇ ਟ੍ਰੈਕਟਰ ਕਾਫਲਿਆਂ ਦੀ ਠੋਸ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਹੋਰ ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਸੁਖਦੀਪ ਸਿੰਘ ਕੋਠਾਗੁਰੂ,ਚਮਕੌਰ ਸਿੰਘ ਨੈਣੇਵਾਲ,ਜਸਵਿੰਦਰ ਸਿੰਘ ਬਰਾਸ ਅਤੇ ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ 12 ਜਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਸਨ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਪ੍ਰਭਾਵ ਵਾਲੇ ਸਾਰੇ ਟ੍ਰੈਕਟਰ ਦਿੱਲੀ ਹੀ ਪਹੁੰਚਣਗੇ ਅਤੇ 26 ਨੂੰ ਪੰਜਾਬ ਵਿੱਚ ਕੋਈ ਟ੍ਰੈਕਟਰ ਮਾਰਚ ਨਹੀਂ ਹੋਵੇਗਾ। ਇੱਕ ਹੋਰ ਫੈਸਲੇ ਰਾਹੀਂ ਬੀਤੇ ਦਿਨੀਂ ਧਨੌਲਾ ਤੇ ਕਟੈਹੜਾ ਵਿਖੇ ਕੀਤੀਆਂ ਗਈਆਂ 30000 ਤੋਂ ਵੱਧ ਔਰਤਾਂ ਦੀ ਸ਼ਮੂਲੀਅਤ ਵਾਲੀਆਂ ਬੇਹੱਦ ਵਿਸ਼ਾਲ ਔਰਤ ਰੈਲੀਆਂ ‘ਤੇ ਤਸੱਲੀ ਜ਼ਾਹਰ ਕਰਦਿਆਂ ਸੰਘਰਸ਼ ਵਿੱਚ ਕੁੱਦੀ ਇਸ ਔਰਤ ਸ਼ਕਤੀ ਦੀ ਜੈ-ਜੈਕਾਰ ਕੀਤੀ ਗਈ। ਸਮੂਹ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਨੂੰ ਖੁਫ਼ੀਆ ਏਜੰਸੀਆਂ ਅਤੇ ਹੁੱਲੜ੍ਹਬਾਜ਼ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ ਤੋਂ ਪੂਰੇ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ ਤਾਂ ਕਿ ਹੱਡਚੀਰਵੀਂ ਠੰਢ ਵਿੱਚ ਲਗਾਤਾਰ ਸ਼ਹੀਦੀਆਂ ਪਾਉਣ ਦੇ ਬਾਵਜੂਦ ਵੀ ਜਾਨਹੂਲਵੇਂ ਸੰਘਰਸ਼ ਵਿੱਚ ਸ਼ਾਂਤਮਈ ਡਟੇ ਹੋਏ ਲੱਖਾਂ ਕਿਸਾਨਾਂ ਮਜ਼ਦੂਰਾਂ ਉੱਤੇ ਹਿੰਸਕ ਹੋਣ ਦਾ ਬਹਾਨਾ ਬਣਾ ਕੇ ਮਾਰੂ ਜਾਬਰ ਹੱਲਾ ਬੋਲਣ ਦਾ ਮੌਕਾ ਸਾਮਰਾਜੀਆਂ ਦੀ ਰਖੇਲ ਭਾਜਪਾ ਮੋਦੀ ਹਕੂਮਤ ਨੂੰ ਨਾ ਮਿਲ਼ੇ।






















