‘ਕੈਪਟਨ ਅਮਰਿੰਦਰ ਸਿੰਘ ਹੀ ਪਹਿਲਕਦਮੀ ਕਰ ਕੇ ਸਿੱਖ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ’

ਚੰਡੀਗੜ੍ਹ 19 ਜਨਵਰੀ ( ਵਿਸ਼ਵ ਵਾਰਤਾ )-ਸਿੱਖ ਕਿਸਾਨ ਆਗੂ ਅਤੇ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਦੇ ਸਟੇਟ ਪ੍ਰਧਾਨ ਅਤੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਸਿੱਖ ਕਿਸਾਨਾਂ ਤੇ ਸਿੱਖ ਨੌਜਵਾਨਾਂ ਨੂੰ ਬਿਨਾ ਮਤਲਬ ਪਰੇਸ਼ਾਨ ਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ 1980ਵਿਆਂ ਦੌਰਾਨ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਵੇਲੇ ਵੀ ਇੰਝ ਹੀ ਸਿੱਖ ਨੌਜਵਾਨਾਂ ਉੱਤੇ ਬਿਨਾ ਮਤਲਬ ਜ਼ੁਲਮ ਢਾਹੇ ਗਏ ਸਨ; ਜਿਸ ਕਾਰਣ ਬਾਅਦ ’ਚ ਹਾਲਾਤ ਖ਼ਰਾਬ ਹੋ ਗਏ ਸਨ। ਸ. ਬਡਹੇੜੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਰੰਤ ਇਸ ਮਾਮਲੇ ’ਚ ਦਖ਼ਲ ਦੇਣ ਅਤੇ ਆਪਣੇ ਪੱਧਰ ’ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਨੀ ਚਾਹੀਦੀ ਹੈ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਅੰਦੋਲਨਕਾਰੀ ਕਿਸਾਨਾਂ ਦੇ ਹੱਕ ’ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਸਿੱਖ ਨੌਜਵਾਨਾਂ ਦੇ ਹੱਕ ’ਚ ‘ਹਾਅ ਦਾ ਨਾਅਰਾ’ ਮਾਰਦਿਆਂ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ 1980 ’ਚ ਸੰਜੇ ਗਾਂਧੀ, ਪੰਜਾਬ ਦੇ ਦੇ ਸਾਬਕਾ ਮੁੱਖ ਮੰਤਰੀ ਜਸਟਿਸ (ਸੇਵਾ–ਮੁਕਤ) ਗੁਰਨਾਮ ਸਿੰਘ ਦੇ ਲੜਕੇ ਗੁਰਬੀਰ ਸਿੰਘ ਬਾਕੂ ਅਤੇ ਰਾਜ ਸਭਾ ਮੈਂਬਰ ਵਿਸ਼ਵਜੀਤ ਸਿੰਘ ਕਪੂਰਥਲਾ ਨੇ ਵੀ ਇੰਝ ਹੀ ਸਿੱਖਾਂ ’ਚ ਵੰਡੀਆਂ ਪਾਉਣ ਦੇ ਜਤਨ ਕੀਤੇ ਸਨ। ਤਦ ਇੰਟੈਲੀਜੈਂਸ ਦੇ ਸੰਯੁਕਤ ਸਕੱਤਰ ਰਾਮ ਨਾਥ ਕਾਓ ਨੇ ਵੀ ਸਿੱਖਾਂ ਨੂੰ ‘ਦਹਿਸ਼ਤਗਰਦ’ ਕਰਾਰ ਦੇਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਸਨ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੁੰਮਰਾਹ ਕੀਤਾ ਸੀ।
ਸ. ਬਡਹੇੜੀ ਨੇ ਕਿਹਾ ਕਿ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਸਿੱਖਾਂ ਨੂੰ ਬਦਨਾਮ ਕਰਨ ਲਈ ਘਟੀਆ ਚਾਲਾਂ ਚੱਲਣ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਿਮਲਾ ’ਚ ਅੱਜ ਗ੍ਰਿਫ਼ਤਾਰ ਕੀਤੇ ਗਏ ਤਿੰਨ ਸਿੱਖ ਨੌਜਵਾਨ ਸਿਰਫ਼ ਅੰਦੋਲਨਕਾਰੀ ਕਿਸਾਨਾਂ ਦੇ ਹੱਕ ’ਚ ਪ੍ਰਚਾਰ ਕਰ ਰਹੇ ਸਨ– ਇਸ ਤੋਂ ਇਲਾਵਾ ਉਨ੍ਹਾਂ ਦਾ ਹੋਰ ਕੋਈ ਕਸੂਰ ਨਹੀਂ ਹੈ।
ਸ. ਬਡਹੇੜੀ ਨੇ ਕਿਹਾ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਅਗਵਾਈ ਹੇਠਲੀ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਅਜਿਹੇ ਹਥਕੰਡੇ ਬਹੁਤ ਖ਼ਤਰਨਾਕ ਤੇ ਸ਼ਰਮਨਾਕ ਹਨ।
ਸ. ਬਡਹੇੜੀ ਨੇ ਇਹ ਵੀ ਕਿ ਕੇਂਦਰ ਸਰਕਾਰ ਨੂੰ ਸਗੋਂ ਛੇਤੀ ਤੋਂ ਛੇਤੀ ਤਿੰਨ ਨਵੇਂ ਖੇਤੀ ਕਾਨੂੰਨ ਤੁਰੰਤ ਵਾਪਸ ਲੈ ਕੇ ਮਾਮਲਾ ਸੁੱਖੀਂ–ਸਾਂਦੀ ਨਿਬੇੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਕੋਈ ਵੀ ਅਜਿਹਾ ਪ੍ਰਭਾਵਸ਼ਾਲੀ ਆਗੂ ਨਹੀਂ ਬਚਿਆ, ਲੋਕ ਜਿਸ ਦੀ ਸੁਣਦੇ ਹਨ। ਇਸੇ ਲਈ ਹੁਣ ਕੈਪਟਨ ਸਾਹਿਬ ਨੂੰ ਹੀ ਇਸ ਮਾਮਲੇ ’ਚ ਪਹਿਲ ਕਰਨੀ ਹੋਵੇਗੀ ਤੇ ਪੰਜਾਬ ’ਚ ਮਸਾਂ ਕਾਇਮ ਹੋਈ ਸ਼ਾਂਤੀ ਨੂੰ ਬਚਾਉਣ ਲਈ ਮੈਦਾਨ ’ਚ ਨਿੱਤਰਨਾ ਹੋਵੇਗਾ।






















