ਇਤਿਹਾਸਕ ਜਨ ਅੰਦੋਲਨ 52 ਵੇਂ ਦਿਨ ਵੀ ਜਾਰੀ
ਹੱਡ ਚੀਰਵੀਂ ਠੰਢ ਦੇ ਬਾਵਜੂਦ ਡਟੇ ਹਨ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨਕਾਰੀ9ਵੇਂ ਗੇੜ ਦੀ ਅਸਫਲ ਗੱਲਬਾਤ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦਾ ਅੜੀਅਲ ਰਵੱਈਆ ਕਾਇਮ, ਪਰ ਗੱਲ਼ਬਾਤ ਦਾ ਸਿਲਸਿਲਾ ਰਹੇਗਾ ਜਾਰੀ
26ਜਨਵਰੀ ਦੀ ਕਿਸਾਨ ਪਰੇਡ ਲਈ ਟਰੈਕਟਰਾਂ ਨੂੰ ਸ਼ਿੰਗਾਰ ਕੇ ਦਿੱਲੀ ਲਿਜਾਣ ਲਈ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਪੂਰੀ ਤਿਆਰੀ
ਅੰਦੋਲਨ ਦੀ ਅਗਲੇਰੀ ਰਣਨੀਤੀ ਤਿਆਰ ਕਰਨ ਲਈ ਕਿਸਾਨ ਆਗੂਆਂ ਦੀ ਸਿੰਘੂ ਬਾਰਡਰ ਤੇ ਮੀਟਿੰਗ ਅੱਜ
ਕਿਸਾਨ ਆਗੂਆਂ ਅਤੇ ਅੰਦੋਲਨ ਹਮਾਇਤੀਆਂ ਨੂੰ ਕੇਂਦਰੀ ਏਜੰਸੀ ਐਨ.ਆਈ.ਏ ਵੱਲੋਂ ਭੇਜੇ ਜਾ ਰਹੇ ਨੋਟਿਸਾਂ ਤੋਂ ਕਿਸਾਨਾਂ ਵਿੱਚ ਹੈ ਰੋਸ ਭਾਰੀ
ਨਵੀਂ ਦਿੱਲੀ, 16ਜਨਵਰੀ(ਵਿਸ਼ਵ ਵਾਰਤਾ)- ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਇਤਿਹਾਸਕ ਜਨ/ ਕਿਸਾਨ ਅੰਦੋਲਨ ਅੱਜ 52ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਹੱਡ ਚੀਰਵੀਂ ਰਿਕਾਰਡ ਤੋੜ ਠੰਢ ਦੇ ਬਾਵਜੂਦ ਅੰਦੋਲਨਕਾਰੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੂਰੇ ਜੋਸ਼-ਖਰੋਸ਼ ਨਾਲ ਡਟੇ ਹੋਏ ਹਨ। ਕਿਸਾਨ ਆਗੂਆਂ ਦੀ ਦੂਰਅੰਦੇਸ਼ੀ ਸੋਚ ਸਦਕਾ ਕੇਂਦਰ ਸਰਕਾਰ ਨਾਲ ਗੱਲ਼ਬਾਤ ਦਾ ਸਿਲਸਿਲਾ ਜਾਰੀ ਹੈ। ਗੈਰ-ਸਿਆਸੀ ਅਤੇ ਸ਼ਾਂਤੀ ਪੂਰਵਕ ਚੱਲ ਰਹੇ ਇਸ ਅੰਦੋਲਨ ਨੂੰ ਦੇਸ਼-ਵਿਦੇਸ਼ ਤੋਂ ਭਾਰੀ ਪ੍ਰਸ਼ੰਸਾ ਤੇ ਹਮਾਇਤ ਮਿਲ ਰਹੀ ਹੈ। ਕੇਂਦਰ ਸਰਕਾਰ ਜਿਥੇ ਥੋੜ੍ਹਾ ਨਰਮ ਰਵੱਈਆ ਅਪਣਾ ਕੇ ਕੁਝ ਮੰਗਾਂ ਮੰਨਣ ਲਈ ਤਿਆਰ ਹੋਈ ਹੈ ਪਰ ਨਵੇਂ ਬਣੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਆਪਣੇ ਫੈਸਲੇ ਤੇ 9ਗੇੜ ਦੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਅੱਜ ਵੀ ਅੜੀ ਹੋਈ ਹੈ। ਉਥੇ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਬਗੈਰ ਆਪਣਾ ਸੰਘਰਸ਼ ਨਾ ਖਤਮ ਕਰਨ ਦਾ ਵੱਡਾ ਫੈਸਲਾ ਲਿਆ ਹੋਇਆ ਹੈ।
10ਵੇਂ ਗੇੜ ਦੀ ਮੀਟਿੰਗ 19ਜਨਵਰੀ ਨੂੰ ਕਰਨ ਦਾ ਦੋਨਾਂ ਧਿਰਾਂ ਨੇ ਫੈਸਲਾ ਲਿਆ ਹੋਇਆ ਹੈ। ਅਗਲੇਰੀ ਰਣਨੀਤੀ ਤਹਿ ਕਰਨ ਲਈ ਕਿਸਾਨ ਜੱਥੇਬੰਦੀਆਂ ਦੇ ਆਗੂ ਅੱਜ ਸਿੰਘੂ ਬਾਰਡਰ(ਦਿੱਲੀ)ਤੇ ਇਕ ਅਹਿਮ ਮੀਟਿੰਗ ਕਰ ਰਹੇ ਹਨ। ਜਿਆਦਾਤਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ 19ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਬਾਰੇ ਫੈਸਲਾ ਨਹੀਂ ਕਰਦੀ ਤਾਂ ਅੱਗੇ ਤੋਂ ਮੀਟਿੰਗਾਂ ਦਾ ਇਹ ਸਿਲਸਿਲਾ ਬੰਦ ਕਰ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਦੀ ਏਜੰਸੀ ਐਨ.ਆਈ.ਏ ਵੱਲੋਂ ਕੁਝ ਕਿਸਾਨ ਆਗੂਆਂ ਅਤੇ ਅੰਦੋਲਨ ਦੇ ਹਮਾਇਤੀਆਂ ਨੂੰ ਭੇਜੇ ਗਏ ਨੋਟਿਸਾਂ ਤੋਂ ਕਿਸਾਨ ਆਗੂ ਬਹੁਤ ਖਫਾ ਹਨ।
26 ਜਨਵਰੀ ਨੂੰ ਟਰੈਕਟਰਾਂ ਰਾਹੀਂ ਕਿਸਾਨ ਪਰੇਡ ਕਰਨ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਤੇ ਹਨ। ਪੂਰੇ ਦੇਸ਼ ਦੇ ਕਿਸਾਨ ਆਪਣੇ-ਆਪਣੇ ਟਰੈਕਟਰਾਂ ਨੂੰ ਦਿੱਲੀ ਲਿਜਾਣ ਲਈ ਪੂਰੀਆਂ ਤਿਆਰੀਆਂ ਕਰ ਰਹੇ ਹਨ। ਕਿਸਾਨ ਆਗੂ ਉਸ ਦਿਨ ਸੰਸਾਰ ਦਾ ਰਿਕਾਰਡ ਬਣਾਉਣ ਚਾਹੁੰਦੇ ਹਨ।