
ਨਵੀਂ ਦਿੱਲੀ 8 ਜਨਵਰੀ( ਵਿਸ਼ਵ ਵਾਰਤਾ )- ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਅੱਜ ਹੱਥਾਂ ‘ਚ ਸੁਰਖ ਫਰੇਰੇ ਲੈ ਕੇ ਵਿਸ਼ਾਲ ਗਿਣਤੀ ‘ਚ ਪੁੱਜੇ ਖੇਤ ਮਜ਼ਦੂਰ ਮਰਦ ਔਰਤਾਂ ਨੌਜਵਾਨਾਂ ਤੇ ਬੱਚਿਆਂ ਨੇ ਕਿਸਾਨ ਸੰਘਰਸ਼ ਦੇ ਜੋਸ਼ ਨੂੰ ਹੋਰ ਵੀ ਬੁਲੰਦੀਆਂ ‘ਤੇ ਪੁਚਾ ਦਿੱਤਾ। ਇਸ ਮੌਕੇ ਵਿਸ਼ਾਲ ਇਕੱਠ ਵੱਲੋਂ ਖੜ੍ਹੇ ਹੋ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਜੋਟੀ ਨੂੰ ਮਜ਼ਬੂਤ ਕਰਨ ਲਈ ਪਿੰਡ ਪਿੰਡ ਸਾਂਝੀ ਲਹਿਰ ਉਸਾਰਨ ਦਾ ਅਹਿਦ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਚ ਵੱਡੀ ਗਿਣਤੀ ਖੇਤ ਮਜ਼ਦੂਰਾਂ ਵੱਲੋਂ ਟਿੱਕਰੀ ਬਾਰਡਰ ‘ਤੇ ਲੱਗੇ ਪੰਡਾਲ ‘ਚ ਪੁੱਜਣ ਸਮੇਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜੋਸ਼ੀਲੇ ਨਾਹਰਿਆਂ ਨਾਲ ਜ਼ੋਰਦਾਰ ਸਵਾਗਤ ਕਰਦਿਆਂ ਅੱਜ ਦੀ ਸਟੇਜ ਕਾਰਵਾਈ ਚਲਾਉਣ ਦੀ ਜ਼ਿੰਮੇਵਾਰੀ ਖੇਤ ਮਜ਼ਦੂਰ ਜਥੇਬੰਦੀ ਨੂੰ ਸੌਂਪ ਦਿੱਤੀ ਗਈ।
ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸੰਬੋਧਨ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜੋਟੀ ਦੇ ਮਹੱਤਵ ਨੂੰ ਉਘਾੜਿਆ। ਉਹਨਾਂ ਆਖਿਆ ਕਿ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸਾਨ ਤੇ ਮਜ਼ਦੂਰ ਜ਼ਾਤ ਪਾਤ ਦੀਆਂ ਵਲਗਣਾਂ ਉਲੰਘਕੇ ਤੇ ਇੱਕ ਜੁੱਟ ਹੋ ਕੇ ਮੈਦਾਨ ‘ਚ ਨਿੱਤਰੇ ਹਨ ਉਦੋਂ ਹੀ ਸੰਘਰਸ਼ੀ ਲਹਿਰਾਂ ਨੇ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਹਨ। ਉਹਨਾਂ ਸੰਘਰਸ਼ ਦੇ ਮੋਰਚੇ ‘ਚ ਡਟੇ ਕਿਸਾਨਾਂ ਦੇ ਦਿ੍ੜ੍ਹ ਇਰਾਦਿਆਂ ਨੂੰ ਸਲਾਮ ਕਰਦਿਆਂ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਸਾਂਝੀ ਤੇ ਖੇਤੀ ਸੰਕਟ ਤੋਂ ਸਭ ਤੋਂ ਜ਼ਿਆਦਾ ਪੀੜਤ ਖੇਤ ਮਜ਼ਦੂਰਾਂ ਨੂੰ ਮੌਜੂਦਾ ਸੰਘਰਸ਼ ਦਾ ਅੰਗ ਬਨਾਉਣ ਲਈ ਤਾਣ ਜੁਟਾਉਣ। ਉਹਨਾਂ ਆਖਿਆ ਕਿ ਇਹਨਾਂ ਕਾਨੂੰਨਾਂ ਰਾਹੀਂ ਮੋਦੀ ਹਕੂਮਤ ਵੱਲੋਂ ਬੋਲਿਆ ਹੱਲਾ ਖੇਤ ਮਜ਼ਦੂਰਾਂ ਤੇ ਦਲਿਤਾਂ ਦੀ ਹੋਂਦ ਨੂੰ ਹੀ ਖਤਰੇ ਮੂੰਹ ਧੱਕਣ ਦਾ ਜ਼ਰ੍ਹੀਆ ਬਣੇਗਾ। ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਦੌਰ ਵਿੱਚ ਸਰਕਾਰਾਂ ਦੀਆਂ ਅਖੌਤੀ ਨਵੀਆਂ ਆਰਥਿਕ ਨੀਤੀਆਂ ਦੀ ਬਦੌਲਤ ਪਹਿਲਾਂ ਹੀ ਗਰੀਬੀ, ਬੇਰੁਜ਼ਗਾਰੀ , ਮਹਿੰਗਾਈ ਤੇ ਨਾਮੁਰਾਦ ਬਿਮਾਰੀਆਂ ਵਰਗੀਆਂ ਅਲਾਮਤਾਂ ਦੇ ਝੰਭੇ ਪਏ ਖੇਤ ਮਜ਼ਦੂਰਾਂ ਲਈ ਇਹ ਕਾਨੂੰਨ ਦੋ ਡੰਗ ਦੀ ਰੋਟੀ ਖੋਹਕੇ ਫ਼ਾਕਾ- ਕਸ਼ੀ ਕੱਟਣ ਲਈ ਮਜਬੂਰ ਕਰਨਗੇ। ਉਹਨਾਂ ਖੇਤ ਮਜ਼ਦੂਰਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਹੁੰਦਿਆਂ ਆਖਿਆ ਕਿ ਉਹ ਮੋਦੀ ਹਕੂਮਤ ਦੇ ਖੋਟੇ ਮਨਸੂਬਿਆਂ ਨੂੰ ਉਹਦੇ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਫਾਸ਼ੀਵਾਦੀ ਹੱਲੇ ਨਾਲ ਜੋੜਕੇ ਸਮਝਣ ਜਿਸਦੇ ਤਹਿਤ ਭਾਜਪਾ ਵਲੋਂ ਸੱਤਾ ‘ਚ ਆਉਣ ਤੋਂ ਬਾਅਦ ਦਲਿਤਾਂ ਉਤੇ ਜ਼ਾਤਪਾਤੀ ਅੱਤਿਆਚਾਰਾਂ ਦਾ ਗ੍ਰਾਫ ਆਏ ਦਿਨ ਵਧਦਾ ਹੀ ਜਾ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਖੇਤ ਮਜ਼ਦੂਰਾਂ ਦਾ ਇਹ ਵਿਸ਼ਾਲ ਕਾਫ਼ਲਾ 9 ਜਨਵਰੀ ਨੂੰ ਸਵੇਰੇ 10 ਵਜੇ ਸਿੰਘੂ ਬਾਰਡਰ ਮੋਰਚੇ ‘ਤੇ ਡਟੇ ਕਿਸਾਨਾਂ ‘ਚ ਸ਼ਾਮਲ ਹੋ ਕੇ ਉਹਨਾਂ ਨਾਲ ਸੰਘਰਸ਼ੀ ਸਾਂਝ ਦੀ ਬਾਤ ਪਾਏਗਾ।
ਇਸ ਮੌਕੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਖੇਤ ਮਜ਼ਦੂਰਾਂ ਵੱਲੋਂ ਵਿਸ਼ਾਲ ਗਿਣਤੀ ਵਿੱਚ ਸੈਂਕੜੇ ਕਿਲੋਮੀਟਰਾ ਦਾ ਪੰਧ ਮੁਕਾ ਕੇ ਮੋਰਚੇ ‘ਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਆਖਿਆ ਕਿ ਮਜ਼ਦੂਰਾਂ ਦੇ ਇਸ ਕਦਮ ਨਾਲ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਉਹਨਾਂ ਆਖਿਆ ਕਿ ਦੇਸ਼ ਦੇ ਹਾਕਮਾਂ ਵੱਲੋਂ ਇਸ ਘੋਲ ਨੂੰ ਢਾਹ ਲਾਉਣ ਦੇ ਕੲੀ ਯਤਨ ਫੇਲ੍ਹ ਹੋਣ ਤੋਂ ਬਾਅਦ ਹੁਣ ਉਹਨਾਂ ਵੱਲੋਂ ਖੇਡੀ ਜਾਣ ਵਾਲੀ ਜ਼ਾਤਪਾਤੀ ਵੰਡੀਆਂ ਵਾਲੀ ਗੰਦੀ ਸਿਆਸਤ ਨੂੰ ਮਾਤ ਦੇਣ ਚ ਖੇਤ ਮਜ਼ਦੂਰਾਂ ਦੀ ਸ਼ਮੂਲੀਅਤ ਇੱਕ ਅਹਿਮ ਰੋਲ ਅਦਾ ਕਰੇਗੀ।
ਉੱਘੇ ਬੁੱਧੀਜੀਵੀ ਹਿੰਮਾਸ਼ੂ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਮੌਜੂਦਾ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਇਨਸਾਨੀਅਤ ਨੂੰ ਬਚਾਉਣ ਤੇ ਸ਼ੈਤਾਨੀਅਤ ਨੂੰ ਹਰਾਉਣ ਦੀ ਲੜਾਈ ਹੈ।ਇਸ ਲੜਾਈ ਵਿੱਚ ਕਿਸਾਨਾਂ ਤੋਂ ਇਲਾਵਾ ਦਲਿਤਾਂ ਆਦਿਵਾਸੀਆਂ ਤੇ ਔਰਤਾਂ ਦੀ ਭੂਮਿਕਾ ਬੇਹੱਦ ਮਹੱਤਵ ਰੱਖਦੀ ਹੈ।
ਮਹਿਲਾ ਖੇਤ ਮਜ਼ਦੂਰ ਆਗੂ ਗੁਰਮੇਲ ਕੌਰ ਸਿੰਘੇਵਾਲਾ ਤੇ ਮਹਿਲਾ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਆਖਿਆ ਕਿ ਕਿਸਾਨ ਮਜ਼ਦੂਰ ਔਰਤਾਂ ਦੀ ਵਿਸ਼ਾਲ ਗਿਣਤੀ ਦਾ ਜੁੜਕੇ ਬੈਠਣਾ ਸੰਘਰਸ਼ ਨੂੰ ਹੋਰ ਤਕੜਾਈ ਦੇਵੇਗਾ।
ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਤੋਂ ਇਲਾਵਾ ਖੇਤ ਮਜ਼ਦੂਰ ਆਗੂ ਹਰਭਗਵਾਨ ਸਿੰਘ ਮੂਣਕ, ਮੇਜਰ ਸਿੰਘ ਕਾਲੇਕੇ, ਸ੍ਰੀ ਕਾਂਤੀ ਮੋਹਣ ਮੁਠੱਡਾ, ਸੁਖਵਿੰਦਰ ਸਿੰਘ ਕੋਟਲੀ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਰਵਾਰਾ ਸਿੰਘ ਤੇ ਹਰਿਆਣਾ ਦੇ ਕਿਸਾਨ ਆਗੂ ਬਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੱਤਪਾਲ ਪਟਿਆਲਾ ਦੀ ਨਿਰਦੇਸ਼ਨਾ ਹੇਠ ਪੀਪਲਜ਼ ਆਰਟ ਥੀਏਟਰ ਪਟਿਆਲਾ (ਪਲਸ ਮੰਚ) ਦੇ ਕਲਾਕਾਰਾਂ ਵੱਲੋਂ “ਮਸ਼ਾਲਾਂ ਬਾਲ ਕੇ ਚੱਲਣਾ” ਅਤੇ “ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ” ਗੀਤਾਂ ‘ਤੇ ਆਧਾਰਿਤ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਧਰਮਿੰਦਰ ਮਸਾਣੀ,ਅਜਮੇਰ ਸਿੰਘ ਅਕਲੀਆ ,ਛੋਟੀ ਬੱਚੀ ਖੁਸ਼ਪ੍ਰੀਤ ਕੌਰ ਸਿੰਘੇਵਾਲਾ ਤੇ ਜੋਗੀ ਸਿੰਘ ਨੰਗਲਾ ਵੱਲੋਂ ਜੋਸ਼ੀਲੇ ਗੀਤ ਪੇਸ਼ ਕੀਤੇ ਗਏ।






















