“ਸਰਕਾਰ ਦੇ ਸਤਾਏ ਹਾਂ ਤਾਹੀ ਸੜਕਾਂ ਤੇ ਆਏ ਹਾਂ”
ਭਾਂਡਿਆ ‘ਚ ਸਰਕਾਰ ਦੇ ਲਾਰੇ ਭਰ ਕੇ ਕੈਬਿਨਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦੁਆਰ ਪੁੱਜੇ ਸਸਅ/ਐਮਡੀਐਮ ਦਫਤਰੀ ਕਾਮੇ
ਲਾਰਿਆ ਨਾਲ ਘਰ ਨਹੀ ਚਲਦਾ ਇਸ ਕਰਕੇ ਘਰਾਂ ‘ਚ ਪਏ ਭਾਂਡੇ ਜਿਵੇਂ ਕਿ ਟੌਪ, ਕੁੱਕਰ, ਪਰਾਤ, ਜੱਗ, ਆਦਿ ਮੰਤਰੀ ਦੇ ਦੁਆਰ ਤੇ ਛੱਡ ਕੇ ਘਰਾਂ ਨੂੰ ਮੁੜੇ ਮੁਲਾਜ਼ਮ
ਚਾਰ ਸਾਲਾਂ ਤੋਂ ਰੈਗੂਲਰ ਕਰਨ ਦਾ ਲਾਰਾ ਲਾਉਣ ਵਾਲੀ ਕਾਂਗਰਸ ਸਰਕਾਰ ਰੈਗੂਲਰ ਕਰਨ ਦੀ ਥਾਂ ਤਨਖਾਹਾਂ ‘ਚ ਕਟੌਤੀ ਕਰਨ ਨੂੰ ਤੁਰੀ

ਬਠਿੰਡਾ 1ਜਨਵਰੀ (ਕੁਲਬੀਰ ਬੀਰਾ):- “ਸਰਕਾਰ ਦੇ ਸਤਾਏ ਹਾਂ ਤਾਹੀ ਸੜਕਾਂ ਤੇ ਆਏ ਹਾਂ” ਦੇ ਨਾਅਰੇ ਨਾਲ ਅੱਜ ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦੇ ਦਫਤਰੀ ਮੁਲਾਜ਼ਮ ਨਵੇਂ ਵਰ੍ਹੇ ਦੇ ਦਿਨ ਘਰਾਂ ਵਿਚ ਵਰਤੇ ਜਾਣ ਵਾਲੇ ਭਾਂਡੇ ਟੌਪ, ਕੁੱਕਰ, ਪਰਾਤ, ਜੱਗ, ਗੜਵੀ, ਥਾਲੀ ਆਦਿ ਲੈ ਕੇ ਕੈਬਿਨਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦੁਆਰ ਪੁੱਜੇ।
ਮੁਲਾਜ਼ਮਾਂ ਵੱਲੋਂ ਇਹਨਾਂ ਭਾਂਡਿਆ ਵਿਚ ਕਾਂਗਰਸ ਸਰਕਾਰ ਦੇ ਚਾਰ ਸਾਲਾਂ ਵਿਚ ਲਗਾਏ ਗਏ ਲਾਰਿਆ ਦੇ ਪੱਤਰ ਭਰੇ ਹੋਏ ਸਨ ਅਤੇ ਸਰਕਾਰ ਵੱਲੋਂ ਕੀਤੇ ਵਾਅਦਿਆ ਦੇ ਚਾਰ ਸਾਲਾਂ ਦੋਰਾਨ ਪੂਰੇ ਨਾ ਹੋਣ ਤੇ ਰੋਸ ਵਿਚ ਸਨ।ਮੁਲਾਜ਼ਮਾਂ ਵੱਲੋਂ ਹੱਥਾਂ ਵਿਚ ਤਖਤੀਆ ਅਤੇ ਭਾਂਡੇ ਫੜੇ ਹੋਏ ਸਨ ਤੇ ਮੁਲਾਜ਼ਮਾਂ ਵੱਲੋਂ ਮਾਰਚ ਦੋਰਾਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਮੁਲਾਜ਼ਮ ਆਗੂਆ ਦਾ ਕਹਿਣਾ ਸੀ ਕਿ ਚਾਰ ਸਾਲਾਂ ਦੋਰਾਨ ਦਫਤਰੀ ਮੁਲਾਜ਼ਮ ਸਰਕਾਰ ਦੇ ਹਰ ਇਕ ਦੁਆਰ ਤੇ ਜਾ ਕੇ ਫਰਿਆਦ ਕਰ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆ ਅਤੇ ਸਿੱਖਿਆ ਮੰਤਰੀ ਨਾਲ ਕਈ ਵਾਰ ਡਿਟੇਲ ਮੀਟਿੰਗ ਕਰ ਚੁੱਕੇ ਹਨ। ਆਗੂਆ ਦਾ ਕਹਿਣਾ ਸੀ ਕਿ ਮੋਜੂਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾਂ ਵੱਲੋਂ 2 ਸਾਲ ਤੱਕ ਹਰ ਮੀਟਿੰਗ ਵਿਚ ਮੁਲਾਜ਼ਮਾਂ ਨੂੰ ਇਹੀ ਲਾਰਾ ਲਗਾਇਆ ਜਾ ਰਿਹਾ ਸੀ ਕਿ ਅਗਲ਼ੀ ਕੈਬਿਨਟ ਮੀਟਿੰਗ ਵਿਚ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਦਿੱਤਾ ਜਾਵੇਗਾ ਪ੍ਰੰਤੂ ਹੁਣ ਜਦ ਦਫਤਰੀ ਮੁਲਾਜ਼ਮਾਂ ਵੱਲੋਂ ਬੀਤੇ ਦਿਨੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਤਾਂ ਸਿੱਖਿਆ ਮੰਤਰੀ ਵੱਲੋਂ ਕਿਹਾ ਗਿਆ ਕਿ ਏ.ਜੀ ਪੰਜਾਬ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਆਨਾਕਾਨੀ ਕੀਤੀ ਜਾ ਰਹੀ ਹੈ। ਆਗੂਆ ਨੇ ਕਿਹਾ ਕਿ ਉਨਾਂ੍ਹ ਨੂੰ ਹੈਰਾਨੀ ਹੋ ਰਹੀ ਹੈ ਕਿ ਇਕ ਏ.ਜੀ ਸਰਕਾਰ ਤੋਂ ਜ਼ਿਆਦਾ ਤਾਕਤਵਾਰ ਹੋ ਗਿਆ ਹੈ ਅਤੇ ਸਰਕਾਰ ਦੇ ਕੀਤੇ ਵਾਅਦੇ ਮੁਤਾਬਿਕ ਨੋਜਵਾਨਾਂ ਦੇ ਭਵਿੱਖ ਸੁਰੱਖਿਅਤ ਕਰਨ ਤੇ ਅੜਿੱਕਾ ਬਣ ਰਿਹਾ ਅਤੇ ਵਾਅਦਾ ਵੀ ਉਹ ਜੋ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੋਰਾਨ ਕੀਤਾ ਗਿਆ ਸੀ।ਇਥੇ ਹੈਰਾਨੀ ਜਨਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਸਰਵ ਸਿੱਖਿਆ ਅਭਿਆਨ ਤੇ 8886 ਅਧਿਆਪਕਾਂ ਨੂੰ ਇਹੀ ਕਾਂਗਰਸ ਸਰਕਾਰ ਵੱਲੋਂ ਪੱਕਾ ਕੀਤਾ ਗਿਆ ਹੈ ਅਤੇ ਉਸ ਦੋਰਾਨ ਏ.ਜੀ ਪੰਜਾਬ ਵੱਲੋਂ ਆਪਣੀ ਲਿਖਤੀ ਸਹਿਮਤੀ ਦਿੱਤੀ ਗਈ ਹੈ ਪਰੰਤੂ ਜਦ ਹੁਣ 1000 ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਦੀ ਗੱਲ ਆਈ ਹੈ ਤਾਂ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀ ਦੇ ਕਹਿਣ ਮੁਤਾਬਿਕ ਏ.ਜੀ ਪੰਜਾਬ ਅੜਿੱਕਾ ਬਣ ਰਿਹਾ ਹੈ।
ਮੁਲਾਜ਼ਮ ਆਗੂਆ ਨੇ ਕਿਹਾ ਕਿ ਸਰਕਾਰ ਦੀਆ ਇਨ੍ਹਾਂ ਕੋਝੀਆ ਚਾਲਾਂ ਤੋਂ ਮੁਲਾਜ਼ਮ ਖਫਾ ਹੋਏ ਹਨ ਕਿ ਇਕ ਹੀ ਮਹਿਕਮੇ ਵਿਚ ਕੰਮ ਕਰਦੇ ਦੋ ਮੁਲਾਜ਼ਮਾਂ ਲਈ ਸਰਕਾਰਾਂ ਵੱਲੋਂ ਨਿਯਮਾਂ ਨੂੰ ਵੱਖੋ ਵੱਖਰਾ ਕਿਵੇ ਕੀਤਾ ਜਾ ਸਕਦਾ ਹੈ ਜਾਂ ਫਿਰ ਸਰਕਾਰ ਦੀ ਨੀਅਤ ਵਿਚ ਹੀ ਖੋਟ ਹੈ।
ਮੁਲਾਜ਼ਮ ਅੱਜ ਕਾਂਗਰਸ ਸਰਕਾਰ ਦੇ ਇੰਨਾਂ ਲਾਰਿਆ ਨਾਲ ਭਰੇ ਭਾਡਿਆ ਨਾਲ ਮੰਤਰੀ ਦੇ ਦੁਆਰ ਪੁੱਜੇ ਸਨ ਅਤੇ ਮੰਤਰੀ ਦੇ ਦੁਆਰ ਪੁੱਜ ਮੁਲਾਜ਼ਮ ਸਾਰੇ ਭਾਂਡੇ ਗੇਟ ਤੇ ਰੱਖ ਕੇ ਵਾਪਿਸ ਮੁੜ ਗਏ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਆਗੂ ਰਜਿੰਦਰ ਸਿੰਘ ਸੰਧਾ, ਦੀਪਕ ਬਾਂਸਲ,ਸ਼ੇਰ ਸਿੰਘ, ਦਲਜਿੰਦਰ ਸਿੰਘ, ਸੁਖਿਵਿੰਦਰ ਕੋਰ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੋਰਾਨ ਸਰਕਾਰ ਦੇ ਹਰ ਦੁਆਰ ਤੇ ਅਪੀਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋ ਰਹੀ ਹੈ ਇਸ ਕਰਕੇ ਮੁਲਾਜ਼ਮ ਨਵੇਂ ਵਰੇ ਦੇ ਦਿਨ ਸਘੰਰਸ਼ ਕਰਨ ਨੂੰ ਮਜ਼ਬੂਰ ਹੋਏ ਹਨ। ਆਗੂਆ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਹੈ ਉਲਟਾ ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਤੇ ਕਟੌਤੀ ਕਰ ਰਹੀ ਹੈ।ਆਗੂਆ ਨੇ ਐਲਾਨ ਕੀਤਾ ਕਿ ਜੇਕਰ ਜਲਦ ਹੀ ਮੁਲਾਜ਼ਮਾਂ ਦੀਆ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਮੁਲਾਜ਼ਮ ਸਘੰਰਸ਼ ਨੂੰ ਹੋਰ ਤੇਜ਼ ਕਰਨ ਅਤੇ ਪੱਕਾ ਮੋਰਚਾ ਲਾਉਣ ਨੂੰ ਮਜ਼ਬੂਰ ਹੋਣਗੇ।






















