ਇਤਿਹਾਸਕ ਕਿਸਾਨ ਅੰਦੋਲਨ 36ਵੇਂ ਦਿਨ ਵਿਚ ਦਾਖਲ
ਦਿੱਲੀ ਦੀਆਂ ਬਰੂਹਾਂ ਤੇ ਡਟੇ ਹਨ ਕਿਸਾਨ
ਕੜਾਕੇ ਦੀ ਠੰਢ ਵਿੱਚ ਮਨਾਉਣਗੇ ਨਵੇਂ ਸਾਲ ਦੇ ਜਸ਼ਨ
ਦਿੱਲੀ ਅਤੇ ਹਰਿਆਣਾ ਵਾਸੀਆਂ ਨੂੰ ਨਵੇਂ ਸਾਲ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਦਾ ਸੱਦਾ
ਸਰਕਾਰ ਵੱਲੋਂ ਦੋ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਵਿੱਚ ਵਧਿਆ ਭਾਰੀ ਉਤਸ਼ਾਹ
ਬਾਕੀ ਦੀਆਂ ਮੰਗਾਂ ਮੰਨਣ ਦੀ ਵੀ ਉਮੀਦ ਬੱਝੀ
ਸਰਕਾਰ ਨਾਲ ਸੱਤਵੇਂ ਦੌਰ ਦੀ ਮੀਟਿੰਗ ਬਾਰੇ ਰਣਨੀਤੀ ਤਹਿ ਕਰਨ ਲਈ ਕੱਲ਼੍ਹ ਨੂੰ ਕਰਨਗੀਆਂ ਮੀਟਿੰਗ ਕਿਸਾਨ ਜੱਥੇਬੰਦੀਆਂ
ਸਿੰਘੂ ਬਾਰਡਰ, 31 ਦਸੰਬਰ(ਵਿਸ਼ਵ ਵਾਰਤਾ ਡੈਸਕ)-ਦਿੱਲ਼ੀ ਦੀਆਂ ਬਰੂਹਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ 36 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਜਿਸ ਵਿੱਚ ਬਜ਼ੁਰਗ ,ਨੌਜਵਾਨ,ਬੱਚੇ ਅਤੇ ਔਰਤਾਂ ਦਾ ਜੋਸ਼ ਦੇਖਣ ਵਾਲਾ ਹੈ।ਕੱਲ਼੍ਹ 30 ਦਸੰਬਰ ਨੂੰ ਕੇਂਦਰ ਸਰਕਾਰ ਨਾਲ ਹੋਈ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਕਿਸਾਨਾਂ ਵੱਲੋਂ ਮੰਗੀਆਂ ਗਈਆਂ ਚਾਰ ਮੰਗਾਂ ਵਿੱਚੋਂ ਦੋ ਨੂੰ ਸਰਕਾਰ ਵੱਲੋਂ ਮੰਨ ਲਏ ਜਾਣ ਤੇ ਕਿਸਾਨਾਂ ਵਿੱਚ ਭਾਰੀ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਜੱਥੇਬੰਦੀਆਂ ਦੇ ਆਗੂ ਹੁਣ ਭਾਰੀ ਆਸ ਵਿੱਚ ਹਨ ਕਿ ਸਰਕਾਰ ਬਾਕੀ ਦੋਨੋਂ ਮੰਗਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ, ਅਤੇ ਐਮਐਸਪੀ ਬਾਰੇ ਕਾਨੂੰਨ ਬਣਾਉਣਾ ਨੂੰ ਵੀ ਜਲਦ ਹੀ ਮੰਨ ਲਵੇਗੀ। ਇਸ ਦੇ ਨਾਲ ਹੀ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਨਾਂ ਚਿਰ ਸਾਡੀਆਂ ਬਾਕੀ ਰਹਿੰਦੀਆਂ ਦੋਨੋਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਸਾਡਾ ਅੰਦੋਲਨ ਇਸੇ ਤਰ੍ਹਾਂ ਬਰਕਰਾਰ ਰਹੇਗਾ। ਅਸੀਂ ਤਾਂ ਮੰਗਾਂ ਮਨਵਾ ਕੇ ਹੀ ਘਰਾਂ ਨੂੰ ਵਾਪਸ ਜਾਵਾਂਗੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਨਵੇਂ ਸਾਲ ਦੇ ਜਸ਼ਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਹੀ ਮਨਾਵਾਂਗੇ। ਉਹਨਾਂ ਨੇ ਸਮੂਹ ਦਿੱਲੀ ਅਤੇ ਹਰਿਆਣਾ ਵਾਸੀਆਂ ਨੂੰ ਨਵੇਂ ਸਾਲ ਦੇ ਮਨਾਏ ਜਾ ਰਹੇ ਜਸ਼ਨਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।