ਨਿਊ ਚੰਡੀਗੜ੍ਹ ‘ਚ ਘਰ ਬਣਾਉਣ ਦਾ ਮੌਕਾ
– ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ‘ਚ ਅਪਣਾ ਘਰ ਬਣਾਉਣ ਦਾ ਸੁਪਨਾ ਹੋ ਸਕਦੈ ਪੂਰਾ

ਪਟਿਆਲਾ, 31 ਦਸੰਬਰ (ਵਿਸ਼ਵ ਵਾਰਤਾ)-ਹੁਣ ਪੰਜਾਬ ਵਾਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਈਕੋ ਸਿਟੀ-2, ਨਿਊ ਚੰਡੀਗੜ੍ਹ ਵਿਖੇ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਸਕੀਮ 14 ਜਨਵਰੀ, 2021 ਨੂੰ ਬੰਦ ਹੋਵੇਗੀ। ਪਲਾਟਾਂ ਦੀ ਅਲਾਟਮੈਂਟ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਗਜ ਤੈਅ ਕੀਤੀ ਗਈ ਹੈ। ਇਸ ਸਕੀਮ ‘ਚ 200 ਗਜ, 300 ਗਜ, 400 ਗਜ, 450 ਗਜ, 500 ਗਜ, 1000 ਗਜ ਅਤੇ 2000 ਗਜ ਆਕਾਰ ਦੇ ਪਲਾਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਕੀਮ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਗਮਾਡਾ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਦੇਸ਼ ਦੇ ਸਾਰੇ ਆਮ ਸ਼੍ਰੇਣੀ ਦੇ ਨਾਗਰਿਕਾਂ (ਵਿਦੇਸ਼ਾਂ ‘ਚ ਵਸੇ ਵਿਅਕਤੀਆਂ ਨੂੰ ਛੱਡ ਕੇ) ਲਈ ਖੁੱਲ੍ਹੀ ਹੈ, ਜਿਨ੍ਹਾਂ ਦੀ ਉਮਰ ਸਕੀਮ ‘ਚ ਬਿਨੈ ਕਰਨ ਦੀ ਆਖਰੀ ਤਰੀਕ ਤੱਕ 18 ਸਾਲ ਹੋਵੇ। ਇਸ ਸਕੀਮ ਵਿਚ ਬਜ਼ੁਰਗ ਨਾਗਰਿਕਾਂ ਨੂੰ ਅਲਾਟਮੈਂਟ ‘ਚ ਤਰਜੀਹ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਲਾਟਮੈਂਟ ਲਈ ਮਹਿਲਾ ਬਿਨੈਕਾਰਾਂ ਨੂੰ ਵਿਚਾਰਿਆ ਜਾਵੇਗਾ। ਇਨ੍ਹਾਂ ਬਿਨੈਕਾਰਾਂ ਦੀ ਸੂਚੀ ਖਤਮ ਹੋ ਜਾਣ ਤੋਂ ਬਾਅਦ ਹੋਰਨਾਂ ਬਿਨੈਕਾਰਾਂ ਨੂੰ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ। ਇਸ ਸਕਮਿ ਵਿਚ ਵੱਖ-ਵੱਖ ਰਾਖਵੀਆਂ ਅਤੇ ਤਰਜੀਹੀ ਸ਼੍ਰੇਣੀਆਂ ਨੂੰ ਦਿੱਤੇ ਜਾਂਦੇ ਲਾਭ, ਸੂਬੇ ਦੇ ਉਨ੍ਹਾਂ ਵਸਨੀਕਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦਾ ਦੇਸ਼ ਵਿੱਚ ਆਪਣਾ ਜਾਂ ਉਨ੍ਹਾਂ ਦੇ ਜੀਵਨ ਸਾਥੀ ਦਾ ਕੋਈ ਪਲਾਟ/ਮਕਾਨ ਨਹੀਂ ਹੈ।
ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਲਈ ਭੁਗਤਾਨ ਨੂੰ ਬਹੁਤ ਸੁਵਿਧਾਜਨਕ ਬਣਾਇਆ ਗਿਆ ਹੈ। ਪਲਾਟ ਦੀ ਕੁੱਲ ਕੀਮਤ ਦੀ 10 ਫੀਸਦੀ ਰਕਮ ਬਿਨੈ-ਪੱਤਰ ਦੇਣ ਵੇਲੇ ਪੇਸ਼ਗੀ ਵਜੋਂ ਜਮ੍ਹਾ ਕੀਤੀ ਜਾਣੀ ਹੈ ਅਤੇ ਇਸ ਤੋਂ ਬਾਅਦ ਛੇ ਛਮਾਹੀ ਕਿਸ਼ਤਾਂ ਰਾਹੀਂ ਜਮ੍ਹਾ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕਮੁਸ਼ਤ ਅਦਾਇਗੀ ਕਰਨ ਵਾਲੇ ਅਲਾਟੀਆਂ ਨੂੰ ਬਕਾਇਆ ਰਕਮ ‘ਤੇ 5 ਫੀਸਦੀ ਛੋਟ ਦਿੱਤੀ ਜਾਵੇਗੀ।
ਇਸ ਸਕੀਮ ਦਾ ਬਰੋਸ਼ਰ ਪੁੱਡਾ ਭਵਨ, ਸੈਕਟਰ-62, ਐਸ.ਏ.ਐਸ.ਨਗਰ ਦੇ ਸਿੰਗਲ ਵਿੰਡੋ ਸਰਵਿਸ ਕਾਊਂਟਰ ਜਾਂ ਇਸ ਸਕੀਮ ਨਾਲ ਜੁੜੇ ਵੱਖ-ਵੱਖ ਬੈਂਕਾਂ ਦੀਆਂ ਸ਼ਾਖਾਵਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸਦੀ ਕੀਮਤ 100 ਰੁਪਏ ਹੈ। ਹਰ ਪ੍ਰਕਾਰ ਤੋਂ ਮੁਕੰਮਲ ਅਰਜ਼ੀਆਂ ਆਖਰੀ ਮਿਤੀ ਜਾਂ ਇਸ ਤੋਂ ਪਹਿਲਾਂ ਬੈਂਕਾਂ ਵਿੱਚ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ। ਬਿਨੈਕਾਰgmada.gov.in ਵੈਬਸਾਈਟ ‘ਤੇ ਵੀ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਅਦਾਇਗੀ ਆਨਲਾਈਨ ਕੀਤੀ ਜਾ ਸਕਦੀ ਹੈ।






















